ਲੁਧਿਆਣਾ/ਸਮਰਾਲਾ, 30 ਅਕਤੂਬਰ | ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਬਲਾਕ ਮਾਛੀਵਾੜਾ ਦੀ ਕਚਹਿਰੀ ਵਿਚ ਇਕ ਪਟਵਾਰੀ ਅਤੇ ਲੰਬੜਦਾਰ ਨੂੰ 2500 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ। ਐਮਐਲਏ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਮੌਕੇ ਉਤੇ ਹੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਗਈ। ਇਸ ਕਾਰਵਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਵਿਧਾਇਕ ਤੋਂ ਮੁਲਜ਼ਮ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਮਾਛੀਵਾੜਾ ਸਬ-ਤਹਿਸੀਲ ’ਚ ਅੱਜ ਉਸ ਸਮੇਂ ਰੌਲਾ ਪੈ ਗਿਆ, ਜਦੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਇਥੇ ਤਾਇਨਾਤ ਪਟਵਾਰੀ ਨੂੰ ਰਿਸ਼ਵਤ ਦੇ ਪੈਸੇ ਦੇਣ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਨੰਬਰਦਾਰ ਗੁਰਇਕਬਾਲ ਸਿੰਘ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ। ਵਿਧਾਇਕ ਦਿਆਲਪੁਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਝੜੌਦੀ ਦੇ ਵਾਸੀ ਤੇਜਵਿੰਦਰ ਸਿੰਘ ਨੇ ਅਦਾਲਤ ਤੋਂ ਇਕ ਪਲਾਟ ਦਾ ਸਟੇਅ ਹਾਸਲ ਕੀਤਾ ਸੀ, ਜੋ ਉਸਨੇ ਮਾਲ ਵਿਭਾਗ ਦੇ ਰਿਕਾਰਡ ਵਿਚ ਦਰਜ ਕਰਵਾਉਣਾ ਸੀ। ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਹ ਤਹਿਸੀਲ ਵਿਚ ਇਹ ਪਲਾਟ ਦਾ ਸਟੇਅ ਦਰਜ ਕਰਵਾਉਣ ਲਈ ਗਿਆ ਤਾਂ ਉਸ ਤੋਂ ਪਟਵਾਰੀ ਪਰਮਿੰਦਰ ਸਿੰਘ ਨੇ 3000 ਰੁਪਏ ਰਿਸ਼ਵਤ ਦੇ ਮੰਗੇ ਅਤੇ 2500 ਰੁਪਏ ਵਿਚ ਸੌਦਾ ਤੈਅ ਹੋ ਗਿਆ।
ਤੇਜਵਿੰਦਰ ਨੇ ਇਹ ਸਾਰਾ ਮਾਮਲਾ ਵਿਧਾਇਕ ਦਿਆਲਪੁਰਾ ਦੇ ਧਿਆਨ ਵਿਚ ਲਿਆਂਦਾ, ਜਿਨ੍ਹਾਂ 2500 ਰੁਪਏ ਰਿਸ਼ਵਤ ਦੇਣ ਵਾਲੇ ਨੋਟਾਂ ਦੀ ਫੋਟੋ ਨੋਟ ਕਰ ਲਈ ਅਤੇ ਸ਼ਿਕਾਇਤਕਰਤਾ ਰਿਸ਼ਵਤ ਦੇ ਪੈਸੇ ਦੇਣ ਲਈ ਸਬ-ਤਹਿਸੀਲ ਮਾਛੀਵਾੜਾ ਪਹੁੰਚ ਗਿਆ। ਤੇਜਵਿੰਦਰ ਸਿੰਘ ਜਦੋਂ ਪਟਵਾਰੀ ਦੇ ਕਮਰੇ ’ਚ ਰਿਸ਼ਵਤ ਦੇ ਪੈਸੇ ਦੇਣ ਅਤੇ ਸਟੇਅ ਦਰਜ ਕਰਵਾਉਣ ਪੁੱਜਾ ਤਾਂ ਉੱਥੇ ਉਹ ਮੌਜੂਦ ਨਹੀਂ ਸੀ। ਪਟਵਾਰੀ ਦੇ ਕਮਰੇ ’ਚ ਨੰਬਰਦਾਰ ਗੁਰਇਕਬਾਲ ਸਿੰਘ ਬੈਠਾ ਸੀ, ਜਿਸ ਨੇ ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਦੀ ਫੋਨ ’ਤੇ ਗੱਲ ਕਰਵਾਈ ਅਤੇ ਪਟਵਾਰੀ ਨੂੰ ਦੇਣ ਵਾਲੀ ਰਿਸ਼ਵਤ ਉਸਨੇ ਨੰਬਰਦਾਰ ਨੂੰ ਫੜ੍ਹਾ ਦਿੱਤੀ।
ਇਸ ਦੌਰਾਨ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਪਟਵਾਰੀ ਨੂੰ ਜਾਣ ਵਾਲੀ ਰਿਸ਼ਵਤ ਦੇ ਪੈਸੇ ਲੈਂਦਿਆਂ ਨੰਬਰਦਾਰ ਗੁਰਇਕਬਾਲ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ’ਤੇ ਡੀ. ਐੱਸ. ਪੀ. ਸਮਰਾਲਾ ਜਸਪਿੰਦਰ ਸਿੰਘ ਤੇ ਥਾਣਾ ਮੁਖੀ ਸੰਤੋਖ ਸਿੰਘ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵਲੋਂ ਨੰਬਰਦਾਰ ਗੁਰਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡੀ. ਐੱਸ. ਪੀ. ਸਮਰਾਲਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਜੋ ਵੀ ਇਸ ਮਾਮਲੇ ’ਚ ਦੋਸ਼ੀ ਹੋਵੇਗਾ, ਉਸ ਖਿਲਾਫ਼ ਕਾਰਵਾਈ ਹੋਵੇਗੀ।