ਲੁਧਿਆਣਾ ਦੇ ਆਪ ਵਿਧਾਇਕ ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ ਕਰਦਿਆਂ ਚਲੀ ਗੋਲੀ

0
48

ਲੁਧਿਆਣਾ, 11 ਜਨਵਰੀ | ਵਿਧਾਨ ਸਭਾ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਘਟਨਾ ਸ਼ੁੱਕਰਵਾਰ ਰਾਤ ਕਰੀਬ 12 ਵਜੇ ਦੀ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੋਗੀ ਘਰ ਵਿਚ ਆਪਣੀ ਲਾਇਸੈਂਸੀ ਪਿਸਤੌਲ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ। ਗੋਲੀ ਸਿਰ ‘ਚੋਂ ਲੰਘ ਗਈ।

ਪੁਲਿਸ ਮੁਲਾਜ਼ਮ ਅਤੇ ਪਰਿਵਾਰਕ ਮੈਂਬਰ ਉਸ ਨੂੰ ਦਯਾਨੰਦ ਮੈਡੀਕਲ ਹਸਪਤਾਲ (ਡੀਐਮਸੀ) ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਾ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਹਸਪਤਾਲ ਪੁੱਜੇ। ਬਾਅਦ ਵਿਚ ਅਧਿਕਾਰੀ ਗੋਗੀ ਦੇ ਘਰ ਵੀ ਪਹੁੰਚ ਗਏ।

ਏਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪਿਸਤੌਲ 25 ਬੋਰ ਦਾ ਸੀ। ਵਿਧਾਇਕ ਦੀ ਮੌਤ ਕਿਨ੍ਹਾਂ ਹਾਲਾਤਾਂ ‘ਚ ਹੋਈ, ਇਹ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਅਪਰਾਧ ਦਾ ਦ੍ਰਿਸ਼ ਦੇਖਿਆ ਹੈ। ਰਸੋਈ ਵਿਚ ਕੰਮ ਕਰ ਰਹੇ ਨੌਕਰ ਨੇ ਦੱਸਿਆ ਕਿ ਹਥਿਆਰ ਤੋਂ ਇੱਕ ਹੀ ਫਾਇਰ ਹੋਇਆ ਸੀ।

ਉਨ੍ਹਾਂ ਕਿਹਾ ਕਿ ਅਜੇ ਤੱਕ ਡਿਪਰੈਸ਼ਨ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਉਸ ਨੇ ਰੂਟੀਨ ਅਨੁਸਾਰ ਖਾਣਾ ਖਾਧਾ ਸੀ। ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ 3 ਵਜੇ ਲੁਧਿਆਣਾ ਦੇ ਕੇਵੀਐਮ ਸਕੂਲ ਨੇੜੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।