ਲੁਧਿਆਣਾ : ਮੇਲਾ ਵੇਖਣ ਗਏ ਨੌਜਵਾਨ ਦਾ ਅਣਪਛਾਤਿਆਂ ਵਲੋਂ ਕਤਲ, ਮੋਟਰਸਾਈਕਲ ਕਰਕੇ ਹੋਇਆ ਝਗੜਾ

0
957

ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮੇਲਾ ਦੇਖਣ ਜਾ ਰਹੇ ਨੌਜਵਾਨ ਅਤੇ ਉਸ ਦੇ ਦੋਸਤ ਨੂੰ ਇਨੋਵਾ ਕਾਰ ਵਿਚ ਕਿਡਨੈਪ ਕਰਕੇ ਲਿਜਾਣ ਤੋਂ ਬਾਅਦ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੁਲਜ਼ਮਾਂ ਨੇ ਡੰਡਿਆਂ ਨਾਲ ਨੌਜਵਾਨ ਦੇ ਦੋਸਤ ਨੂੰ ਵੀ ਇਸ ਕਦਰ ਸੱਟਾਂ ਮਾਰੀਆਂ ਕਿ ਉਹ ਬੇਸੁੱਧ ਹੋ ਗਿਆ। ਹਮਲਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਐਂਬੂਲੈਂਸ ਬੁਲਾਈ ਅਤੇ ਐਕਸੀਡੈਂਟ ਦਾ ਹਵਾਲਾ ਦੇ ਕੇ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ।

NRI on a vacation falls to death at Bachupally - Telangana Today

ਮ੍ਰਿਤਕ ਦਾ ਦੋਸਤ ਜਦੋਂ ਹੋਸ਼ ਵਿਚ ਆਇਆ ਤਾਂ ਉਸ ਨੇ ਸਾਰੀ ਹਕੀਕਤ ਬਿਆਨ ਕੀਤੀ। ਥਾਣਾ ਸਦਰ ਦੀ ਪੁਲਿਸ ਨੇ ਦੁੱਗਰੀ ਦੇ ਰਹਿਣ ਵਾਲੇ ਜਸਵੰਤ ਸਿੰਘ ਦੀ ਸ਼ਿਕਾਇਤ ‘ਤੇ ਸਤਜੋਤ ਨਗਰ ਧਾਂਦਰਾ ਦੇ ਰਹਿਣ ਵਾਲੇ ਸਿਧਾਂਤ ਕੁਮਾਰ, ਰੂਪ ਨਗਰ ਧਾਂਦਰਾ ਰੋਡ ਦੇ ਵਾਸੀ ਅਖਿਲੇਸ਼, ਅਰਵਿੰਦ, ਟੋਨੀ, ਨਾਰਾਇਣ, ਭਰਤ, ਗੋਲੇ, ਧੀਰਜ ਅਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਕਿਡਨੈਪਿੰਗ ਅਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਬ ਇੰਸਪੈਕਟਰ ਹਰਮੇਸ਼ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਬੇਟਾ ਉਜਵਲ (18) ਆਪਣੇ ਦੋਸਤ ਨਾਲ ਮੋਟਰਸਾਈਕਲ ‘ਤੇ ਦੁੱਗਰੀ ਇਲਾਕੇ ਵਿਚ ਚੱਲ ਰਿਹਾ ਮੇਲਾ ਦੇਖਣ ਲਈ ਗਿਆ ਸੀ। ਇਸ ਦੌਰਾਨ ਮੁਲਜ਼ਮ ਅਖਿਲੇਸ਼ ਦੇ ਚਾਚੇ ਨਾਲ ਉਜਵਲ ਦਾ ਮੋਟਰਸਾਈਕਲ ਟੱਚ ਹੋ ਗਿਆ। ਕੁਝ ਸਮੇਂ ਬਾਅਦ ਇਨੋਵਾ ਕਾਰ ‘ਤੇ ਸਵਾਰ ਹੋ ਕੇ ਸਾਰੇ ਮੁਲਜ਼ਮ ਆਏ ਅਤੇ ਉਨ੍ਹਾਂ ਨੇ ਅਮਿਤ ਅਤੇ ਉਜਵਲ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਮੁਲਜ਼ਮਾਂ ਨੇ ਦੋਵਾਂ ਨੂੰ ਕਾਰ ਵਿਚ ਅਗਵਾ ਕੀਤਾ ਅਤੇ ਮੁਹੱਲਾ ਰੂਪਨਗਰ ਇਲਾਕੇ ਦੇ ਇੱਕ ਖਾਲੀ ਪਲਾਟ ਵਿੱਚ ਲੈ ਗਏ। ਮੁਲਜ਼ਮਾਂ ਨੇ ਦੋਵਾਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਬੇਸਬਾਲ ਦੇ ਡੰਡਿਆਂ ਨਾਲ ਸੱਟਾਂ ਮਾਰੀਆਂ। ਖੁਦ ਦਾ ਬਚਾਅ ਕਰਨ ਲਈ ਉਨ੍ਹਾਂ ਨੇ ਐਕਸੀਡੈਂਟ ਦਾ ਹਵਾਲਾ ਦੇ ਕੇ ਐਂਬੂਲੈਂਸ ਬੁਲਾਈ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਸਿਵਲ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਜਵਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।

ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਹਰਮੇਸ਼ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਕਿਡਨੈਪਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਸਿਧਾਂਤ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।