ਲੁਧਿਆਣਾ। ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਵੀਰਵਾਰ ਨੂੰ ਦੇਰ ਰਾਤ ਕੁੱਟਮਾਰ ਦੇ ਬਾਅਦ ਇਲਾਜ ਕਰਵਾਉਣ ਆਏ ਤਾਜਪੁਰ ਰੋਡ ਦੇ ਈਡਬਲਿਊਐੱਸ ਕਾਲੋਨੀ ਵਾਸੀ ਸ਼ਰਵਣ ਕੁਮਾਰ ਉਤੇ ਕੁਝ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਦਾ ਕਤਲ ਕਰ ਦਿੱਤਾ।
ਆਰੋਪੀਆਂ ਨੇ ਇਹ ਕਤਲ ਉਸ ਵੇਲੇ ਕੀਤਾ, ਜਦੋਂ ਸ਼ਰਵਣ ਕੁਮਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਆਪਣੇ ਇਲਾਜ ਦਾ ਇੰਤਜਾਰ ਕਰ ਰਿਹਾ ਸੀ। ਇਸ ਦੌਰਾਨ ਹਥਿਆਰਾਂ ਨਾਲ ਲੈਸ ਨੌਜਵਾਨ ਉਥੇ ਪਹੁੰਚ ਗਏ। ਸ਼ਰਵਣ ਉਨ੍ਹਾਂ ਤੋਂ ਬਚਣ ਲਈ ਐਮਰਜੈਂਸੀ ਵਾਰਡ ਵਿਚ ਵੜ ਗਿਆ।
ਹਮਲਾਵਰਾਂ ਨੇ ਐਮਰਜੈਂਸੀ ਵਾਰਡ ਵਿਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਸ਼ਰਵਣ ਉਤੇ ਤਾਬੜਤੋੜ ਹਮਲੇ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਿਵਲ ਹਸਪਤਾਲ ਦਾ ਸਟਾਫ ਵੀ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭੱਜਿਆ।
ਲੋਕਾਂ ਅਨੁਸਾਰ ਸਿਵਲ ਹਸਪਤਾਲ ਦੇ ਅੰਦਰ ਬਣੀ ਪੁਲਿਸ ਚੌਕੀ ਦੇ ਮੁਲਾਜ਼ਮ ਸੌਂ ਰਹੇ ਸਨ। ਸੂਚਨਾ ਮਿਲਦੇ ਹੀ ਪੁਲਿਸ ਦੇ ਉਚ ਅਧਿਕਾਰੀ ਤੇ ਥਾਣਾ 2 ਦੀ ਪੁਲਿਸ ਮੌਕੇ ‘ਤੇ ਪੁੱਜੀ ਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਅਨੁਸਾਰ ਸ਼ਰਵਣ ਦਾ ਦੇਰ ਰਾਤ ਕੁਝ ਨੌਜਵਾਨਾਂ ਨਾਲ ਮਾਮੂਲੀ ਝਗੜਾ ਹੋਇਆ ਸੀ। ਸ਼ਰਵਣ ਆਪਣੇ ਦੋਸਤ ਨਾਲ ਮੈਡੀਕਲ ਕਰਵਾਉਣ ਲਈ ਹਸਪਤਾਲ ਆਇਆ ਸੀ। ਇਸੇ ਦੌਰਾਨ ਉਥੇ 6-7 ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਆਏ ਤੇ ਉਨ੍ਹਾਂ ਨੇ ਸ਼ਰਵਣ ਉਤੇ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਥੇ ਮੌਜੂਦ ਇਕ ਨੌਜਵਾਨ ਨੇ ਇਸ ਸਾਰੇ ਮਾਮਲੇ ਦਾ ਵੀਡੀਓ ਬਣਾਇਆ ਜੋ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ।