ਲੁਧਿਆਣਾ, 5 ਜਨਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਗਰਾਓਂ ਬੱਦੋਵਾਲ ਨੇੜੇ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 37 ਸਾਲ ਦੇ ਗੁਰਦੀਪ ਸਿੰਘ ਵਾਸੀ ਬੱਦੋਵਾਲ ਵਜੋਂ ਹੋਈ ਹੈ। ਘਟਨਾ ਦੌਰਾਨ ਕਾਰ ਚਾਲਕ ਆਪਣੀ ਕਾਰ ਮੌਕੇ ‘ਤੇ ਛੱਡ ਕੇ ਫ਼ਰਾਰ ਹੋ ਗਿਆ।
ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਚਾਲਕ ਖ਼ਿਲਾਫ਼ ਥਾਣਾ ਦਾਖਾ ਵਿਖੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਾਸੀ ਮਕਾਨ ਨੰਬਰ 537, ਵਾਰਡ ਨੰਬਰ 5, ਸਤਿਸੰਗ ਘਰ ਨੇੜੇ, ਦਸਮੇਸ਼ ਨਗਰ, ਜਲਾਲਾਬਾਦ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਦਾਖਾ ਦੇ ਏਐਸਆਈ ਹਮੀਰ ਸਿੰਘ ਨੇ ਕਿਹਾ ਕਿ ਪੀੜਤ ਚਰਨਜੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਆਖਿਆ ਕਿ ਉਹ ਅਤੇ ਉਸ ਦਾ ਲੜਕਾ ਗੁਰਦੀਪ ਸਿੰਘ ਆਪਣੇ-ਆਪਣੇ ਸਾਈਕਲ ’ਤੇ ਬੱਦੋਵਾਲ ਤੋਂ ਮੰਡੀ ਮੁੱਲਾਂਪੁਰ ਵੱਲ ਜਾ ਰਹੇ ਸਨ।
ਇਸ ਦੌਰਾਨ ਉਸ ਦਾ ਲੜਕਾ ਅੱਗੇ ਜਾ ਰਿਹਾ ਸੀ। ਜਦੋਂਕਿ ਉਹ ਆਪਣੇ ਬੇਟੇ ਤੋਂ ਪਿੱਛੇ ਸੀ। ਇਸੇ ਸਮੇਂ ਇਕ ਤੇਜ਼ ਰਫਤਾਰ ਸਵਿਫਟ ਕਾਰ ਨੇ ਉਸ ਦੇ ਲੜਕੇ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਉਸ ਦਾ ਪੁੱਤਰ ਕਾਫੀ ਦੂਰ ਜਾ ਕੇ ਉਸ ਦੀਆਂ ਅੱਖਾਂ ਸਾਹਮਣੇ ਸੜਕ ‘ਤੇ ਡਿੱਗ ਪਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।