ਲੁਧਿਆਣਾ | ਕਾਲਜ ਤੋਂ ਘਰ ਆਉਂਦੀ ਵਿਦਿਆਰਥਣ ਨੂੰ ਰਸਤੇ ਵਿਚ ਘੇਰ ਕੇ ਅਸ਼ਲੀਲ ਹਰਕਤਾਂ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ ਦੇ ਰਹਿਣ ਵਾਲੇ ਨੌਜਵਾਨ ਜੈ ਖੋਸਲਾ ‘ਤੇ ਕੇਸ ਦਰਜ ਕਰ ਕੇ ਹਿਰਾਸਤ ਵਿਚ ਲੈ ਲਿਆ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਇਹ ਮੁੱਕਦਮਾ ਲੜਕੀ ਦੇ ਪਿਤਾ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ।
ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਜੈ ਖੋਸਲਾ ਉਨ੍ਹਾਂ ਦਾ ਦੂਰ ਦਾ ਰਿਸ਼ਤੇਦਾਰ ਹੈ। ਪਿਛਲੇ ਇਕ ਸਾਲ ਤੋਂ ਉਹ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰ ਰਿਹਾ ਸੀ। ਬੀਤੀ ਦੁਪਹਿਰ ਲੜਕੀ ਕਾਲਜ ਤੋਂ ਘਰ ਆ ਰਹੀ ਸੀ। ਉਹ ਦੁੱਗਰੀ ਨਹਿਰ ਪੁੱਲ ‘ਤੇ ਆਟੋ ਵਿਚੋਂ ਉਤਰ ਕੇ ਘਰ ਵੱਲ ਨੂੰ ਪੈਦਲ ਚੱਲ ਪਈ। ਇਸੇ ਦੌਰਾਨ ਮੁਲਜ਼ਮ ਨੇ ਲੜਕੀ ਦੀ ਬਾਂਹ ਫੜ ਲਈ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ।
ਮੁਲਜ਼ਮ ਲੜਕੀ ਨੂੰ ਵਿਆਹ ਕਰਵਾਉਣ ਦੀ ਗੱਲ ਆਖ ਕੇ ਧਮਕੀਆਂ ਦੇਣ ਲੱਗ ਪਿਆ। ਘਰ ਪਹੁੰਚ ਕੇ ਲੜਕੀ ਨੇ ਮਾਪਿਆਂ ਨੂੰ ਆਪ ਬੀਤੀ ਦੱਸੀ, ਜਿਸ ਤੋਂ ਬਾਅਦ ਸਾਰਾ ਮਾਮਲਾ ਥਾਣਾ ਦੁੱਗਰੀ ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਮੁਕਦਮਾ ਦਰਜ ਕੀਤਾ । ਪੁਲਿਸ ਨੇ ਮੁਲਜਮ ਨੂੰ ਨਾਕਾਬੰਦੀ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ।