ਲੁਧਿਆਣਾ : ਚਿੱਟੇ ਦੇ ਨਸ਼ੇ ਲਈ ਲੁੱਟਾਂ-ਖੋਹਾਂ ਕਰਨ ਵਾਲੀ ਔਰਤ ਸਾਥੀਆਂ ਸਮੇਤ ਗ੍ਰਿਫ਼ਤਾਰ

0
89

ਲੁਧਿਆਣਾ | ਇਥੋਂ ਇਕ ਚਿੱਟੇ ਦੇ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਔਰਤ ਨੂੰ ਉਸ ਦੇ 2 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਦੀਪੀ ਗਲੀ ਦੀ ਰਹਿਣ ਵਾਲੀ ਨੈਣਾ, ਨਿਊ ਕੁੰਦਨਪੁਰੀ ਦੇ ਵਾਸੀ ਪੰਕਜ ਕੁਮਾਰ ਅਤੇ ਅੰਮ੍ਰਿਤਸਰ ਦੇ ਵਾਸੀ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ 8 ਦੇ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਜੈਨ ਕਾਲੋਨੀ ਜੱਸੀਆਂ ਰੋਡ ਦੇ ਰਹਿਣ ਵਾਲੇ ਸੰਜੇ ਨੇ ਪੁਲਿਸ ਨੂੰ ਕਿਹਾ ਕਿ ਉਹ ਇਕ ਸਮਾਲ ਸਕੇਲ ਫੈਕਟਰੀ ਚਲਾਉਂਦਾ ਹੈ। ਬੀਤੀ ਰਾਤ 10 ਵਜੇ ਦੇ ਕਰੀਬ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦਮੋਰੀਆ ਪੁਲ ਦੇ ਕੋਲੋਂ ਲੰਘ ਰਿਹਾ ਸੀ, ਜਿਵੇਂ ਹੀ ਉਹ ਗੋਲ ਮਾਰਕੀਟ ਕੋਲ ਪਹੁੰਚਿਆ ਤਾਂ ਮੋਟਰਸਾਈਕਲ ‘ਤੇ ਸਵਾਰ ਹੋ ਕੇ 2 ਲੜਕੇ ਅਤੇ ਇਕ ਔਰਤ ਆਈ। ਮੁਲਜ਼ਮਾਂ ਨੇ ਸੰਜੇ ਦੀ ਕੁੱਟਮਾਰ ਕਰਕੇ ਉਸ ਦੀ ਗਰਦਨ ਉੱਪਰ ਲੋਹੇ ਦਾ ਦਾਤ ਰੱਖਿਆ।

ਦਾਤ ਮਾਰਨ ਦੀ ਧਮਕੀ ਦੇ ਕੇ ਮੁਲਜ਼ਮਾਂ ਨੇ ਉਸ ਕੋਲੋਂ 90 ਹਜ਼ਾਰ ਰੁਪਏ ਦੀ ਨਕਦੀ, ਮੋਬਾਇਲ ਤੇ 3 ਏਟੀਐਮ ਕਾਰਡ ਖੋਹ ਲਏ। ਪੁਲਿਸ ਨੂੰ ਇਤਲਾਹ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਨਾਕਾਬੰਦੀ ਦੌਰਾਨ ਔਰਤ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਚਿੱਟੇ ਦੇ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਨੂੰ ਅੰਜਾਮ ਦਿੰਦੇ ਸਨ। ਹਾਲ ਹੀ ਵਿਚ ਉਨ੍ਹਾਂ ਨੇ ਕਈ ਹੋਰ ਵਾਰਦਾਤਾਂ ਵੀ ਕੀਤੀਆਂ ਹਨ। ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੁਲਿਸ ਮੁਲਜ਼ਮਾਂ ਕੋਲੋਂ ਵਧੇਰੇ ਪੁਛਗਿੱਛ ਕਰੇਗੀ।