ਲੁਧਿਆਣਾ | ਗਣੇਸ਼ ਹੌਜ਼ਰੀ ਫੈਕਟਰੀ ‘ਚ ਅੱਗ ਲੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਹ ਫੈਕਟਰੀ ਬਿਨਾਂ ਐਨਓਸੀ ਦੇ ਚੱਲ ਰਹੀ ਸੀ। ਫੈਕਟਰੀ ਅੰਦਰ ਲੱਗੀ ਅੱਗ ਨੂੰ ਬੁਝਾਉਣ ਲਈ ਕੋਈ ਠੋਸ ਪ੍ਰਬੰਧ ਨਹੀਂ ਸਨ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ, ਮਹਿੰਦਰ ਕੁਮਾਰ (38) ਅਤੇ ਰਵਿੰਦਰ ਚੋਪੜਾ (60) ਵਜੋਂ ਹੋਈ ਹੈ, ਜਦਕਿ 4 ਜ਼ਖ਼ਮੀ ਡੀਐਮਸੀ ਹਸਪਤਾਲ ‘ਚ ਜ਼ੇਰੇ ਇਲਾਜ ਹਨ, ਜਿਸ ‘ਚ ਗੁਲਸ਼ਨ ਕੁਮਾਰ ਅਤੇ ਅਸ਼ਵਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਲੱਕੜ ਪੁਲ ਨੇੜੇ ਗਣੇਸ਼ ਹੌਜ਼ਰੀ ਫੈਕਟਰੀ ‘ਚ ਅੱਗ ਲੱਗ ਗਈ। ਇਸ ਦੌਰਾਨ 24 ਦੇ ਕਰੀਬ ਮਜ਼ਦੂਰ ਅੰਦਰ ਕੰਮ ਕਰ ਰਹੇ ਸਨ। ਆਸ-ਪਾਸ ਦੇ ਲੋਕਾਂ ਨੇ ਧੂੰਆਂ ਨਿਕਲਦਾ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਅੱਗ ਲੱਗਣ ਕਾਰਨ ਫੈਕਟਰੀ ਦੀ ਦੂਜੀ ਮੰਜ਼ਿਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਇਕ ਤੋਂ ਬਾਅਦ ਇਕ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਜ਼ਿਆਦਾਤਰ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਪਰ ਪੰਜ ਅੰਦਰ ਹੀ ਫਸ ਗਏ। ਇੱਕ ਵਿਅਕਤੀ ਦੀ ਸੜ ਕੇ ਮੌਤ ਹੋ ਗਈ, ਜਦਕਿ 4 ਬੁਰੀ ਤਰ੍ਹਾਂ ਸੜ ਗਏ। 5 ਮੰਜ਼ਿਲਾ ਇਮਾਰਤ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣ ‘ਚ ਕਰੀਬ 5 ਘੰਟੇ ਲੱਗ ਗਏ।
ਕਿਸੇ ਵੀ ਥਾਂ ਤੋਂ ਫੈਕਟਰੀ ਅੰਦਰ ਜਾਣ ਦਾ ਕੋਈ ਸੁਰੱਖਿਅਤ ਰਸਤਾ ਨਹੀਂ ਸੀ। ਅੱਗ ਹਰ ਪਾਸੇ ਫੈਲ ਚੁੱਕੀ ਸੀ। ਇਸ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਆਸ-ਪਾਸ ਦੀਆਂ ਛੱਤਾਂ ਤੋਂ ਪੌੜੀਆਂ ਲਾ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਸੰਘਣੀ ਆਬਾਦੀ ਵਾਲਾ ਇਲਾਕਾ ਹੋਣ ਕਾਰਨ ਪੁਲਿਸ ਨੇ ਇਹਤਿਆਤ ਵਜੋਂ ਆਲੇ-ਦੁਆਲੇ ਦੇ ਘਰਾਂ ਨੂੰ ਖਾਲੀ ਕਰਵਾ ਲਿਆ।
ਥਾਣਾ ਡਵੀਜ਼ਨ ਨੰਬਰ 8 ਦੇ ਸਬ-ਇੰਸਪੈਕਟਰ ਵਿਜੇ ਕੁਮਾਰ ਨੇ ਜਦੋਂ ਫੈਕਟਰੀ ਮਾਲਕ ਖ਼ਿਲਾਫ਼ ਅਣਗਹਿਲੀ ਵਰਤਣ ਦੇ ਦੋਸ਼ ਹੇਠ ਕਾਰਵਾਈ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।