ਲੁਧਿਆਣਾ : ਕੱਪੜਾ ਫੈਕਟਰੀ ‘ਚ ਸ਼ਾਰਟ-ਸਰਕਟ ਕਾਰਨ ਲੱਗੀ ਭਿਆਨਕ ਅੱਗ; ਲੱਖਾਂ ਦਾ ਸਾਮਾਨ ਸੜ ਕੇ ਸੁਆਹ

0
540

ਲੁਧਿਆਣਾ, 10 ਨਵੰਬਰ | ਇਥੋਂ ਦੇ ਸ਼ਕਤੀ ਨਗਰ ਵਿਚ ਅੱਜ ਸਵੇਰੇ ਇਕ ਕੱਪੜਾ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਸ਼ਾਰਟ-ਸਰਕਟ ਹੋਣ ਕਾਰਨ ਚੰਗਿਆੜੀਆਂ ਨੇੜੇ ਖੜ੍ਹੀ ਇਕ ਐਕਟਿਵਾ ਸਕੂਟੀ ਦੀ ਪੈਟਰੋਲ ਟੈਂਕੀ ’ਤੇ ਡਿੱਗ ਪਈਆਂ। ਇਸ ਧਮਾਕੇ ਕਾਰਨ ਅੱਗ ਬੇਸਮੈਂਟ ਤਕ ਪਹੁੰਚ ਗਈ।

ਅੱਗ ਦੀਆਂ ਲਪਟਾਂ ਦੇਖ ਕੇ ਗੁਆਂਢੀਆਂ ਨੇ ਮਾਲਕ ਨੂੰ ਸੂਚਿਤ ਕੀਤਾ। ਫੈਕਟਰੀ ਮਾਲਕ ਨਵੀਨ ਜੋਲੀ ਨੇ ਦੱਸਿਆ ਕਿ ਉਸ ਨੇ ਰਾਤ ਨੂੰ ਫੈਕਟਰੀ ਬੰਦ ਕਰ ਦਿੱਤੀ ਸੀ। ਸਵੇਰੇ ਗੁਆਂਢੀਆਂ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਫੈਕਟਰੀ ਨੂੰ ਅੱਗ ਲੱਗੀ ਹੋਈ ਹੈ। ਸ਼ਾਰਟ-ਸਰਕਟ ਕਾਰਨ ਸਕੂਟਰ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਨਵੀਨ ਨੇ ਕਿਹਾ ਕਿ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਹੈ। ਅੱਗ ਲੱਗਣ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਲੋਕਾਂ ਦੀ ਮਦਦ ਨਾਲ ਫੈਕਟਰੀ ਵਿਚੋਂ ਕੱਪੜੇ ਅਤੇ ਹੋਰ ਸਾਮਾਨ ਬਾਹਰ ਕੱਢਿਆ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਲੱਗੀਆਂ। ਫੈਕਟਰੀ ਅੰਦਰ ਕੋਈ ਕਰਮਚਾਰੀ ਨਹੀਂ ਸੀ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।