ਲੁਧਿਆਣਾ | ਇਥੋਂ ਇਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਮੰਗਲਵਾਰ ਦੇਰ ਰਾਤ ਨੂੰ ਫੋਕਲ ਪੁਆਇੰਟ ਦੇ ਫੇਜ਼ 4 ਵਿਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇਕ ਟੂਲ ਫੈਕਟਰੀ ਵਿਚ ਅੱਗ ਲੱਗ ਗਈ। ਹਾਦਸਾ ਜਿਸ ਵੇਲੇ ਵਾਪਰਿਆ ਉਦੋਂ ਫੈਕਟਰੀ ਖਾਲੀ ਪਈ ਸੀ, ਇਸ ਲਈ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ।
ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਮੁਤਾਬਕ ਅੱਗ ਬੁਝਾਉਣ ਨੂੰ ਦਰਜਨ ਦੇ ਕਰੀਬ ਫਾਇਰ ਟੈਂਡਰਾਂ ਦੀ ਵਰਤੋਂ ਕਰਨੀ ਪਈ। ਮੰਗਲਵਾਰ ਰਾਤ ਨੂੰ ਫੈਕਟਰੀ ਦੇ ਗੁਦਾਮ ਵਿਚ ਅੱਗ ਭੜਕ ਗਈ। ਫੈਕਟਰੀ ਵਿਚ ਪਿਆ ਲੱਖਾਂ ਦਾ ਮਾਲ ਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੀ ਟੀਮ ਇਸ ਸਾਰੇ ਮਾਮਲੇ ਦੀ ਪੜਤਾਲ ਕਰਨ ਵਿਚ ਜੁਟ ਗਈ ਹੈ।