ਲੁਧਿਆਣਾ, 24 ਦਸੰਬਰ | ਚਿਕਨ ਦੀ ਸਪਲਾਈ ਕਰਨ ਵਾਲੇ ਵਿਅਕਤੀ ਵੱਲੋਂ ਭੈਣ ਦੇ ਵਿਆਹ ਲਈ ਜੋੜ ਕੇ ਰੱਖੇ 9 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ। ਇਸ ਮਾਮਲੇ ’ਚ ਜਦੋਂ ਤਫ਼ਤੀਸ਼ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ, ਬਲਕਿ ਘਰ ਦੀ ਤੀਸਰੀ ਮੰਜ਼ਿਲ ’ਤੇ ਰਹਿਣ ਵਾਲੀ ਕਿਰਾਏਦਾਰ ਔਰਤ ਹੈ। ਇਸ ਮਾਮਲੇ ’ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਬਿਹਾਰੀ ਕਾਲੋਨੀ ਵਾਸੀ ਔਰਤ ਜਮੀਲਾ ਖਾਤੂਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ ਗਹਿਣੇ ਬਰਾਮਦ ਕਰ ਲਏ ਹਨ।
ਜਾਣਕਾਰੀ ਦਿੰਦਿਆਂ ਕਾਲੋਨੀ ਦੇ ਰਹਿਣ ਵਾਲੇ ਜਾਵੇਦ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਦੇ ਵਿਆਹ ਲਈ 9 ਲੱਖ ਰੁਪਏ ਤੇ ਗਹਿਣੇ ਰੱਖੇ ਹੋਏ ਸਨ। ਸਾਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਕੁਝ ਹੀ ਦਿਨਾਂ ਬਾਅਦ ਲੜਕੀ ਦਾ ਵਿਆਹ ਲੁਧਿਆਣਾ ਦੇ ਸ਼ੇਰਪੁਰ ਇਲਾਕੇ ’ਚ ਹੋਣਾ ਹੈ। ਜਾਵੇਦ ਨੇ ਜਦੋਂ ਗਹਿਣੇ ਅਤੇ ਨਕਦੀ ਚੈੱਕ ਕਰਨ ਲਈ ਅਲਮਾਰੀ ਖੋਲ੍ਹੀ ਤਾਂ ਉਸ ਦੇ ਹੋਸ਼ ਉਡ ਗਏ। ਰਕਮ ਅਤੇ ਗਹਿਣੇ ਚੋਰੀ ਹੋ ਚੁੱਕੇ ਸਨ। ਉਸ ਨੇ ਮਾਮਲਾ ਥਾਣਾ ਮੋਤੀ ਨਗਰ ਦੀ ਪੁਲਿਸ ਦੇ ਧਿਆਨ ’ਚ ਲਿਆਂਦਾ। ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਕਿਰਾਏ ’ਤੇ ਰਹਿਣ ਵਾਲੀ ਜਮੀਲਾ ਖਾਤੂਨ ਨੇ ਦਿੱਤਾ ਹੈ। ਜਾਂਚ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਉਕਤ ਔਰਤ ਨੂੰ ਕਾਬੂ ਕਰਕੇ ਉਸ ਕੋਲੋਂ ਗਹਿਣੇ ਬਰਾਮਦ ਕਰ ਲਏ ਹਨ।