ਲੁਧਿਆਣਾ : ਸ਼ਹਿਰ ‘ਚ ਕਰੋੜਾਂ ਦੀ ਲਾਗਤ ਨਾਲ ਬਣੇਗਾ ‘ਸਮਾਰਟ ਰੇਲਵੇ ਸਟੇਸ਼ਨ’, ਵਿਸ਼ਵ ਪੱਧਰ ਦੀਆਂ ਮਿਲਣਗੀਆਂ ਸਹੂਲਤਾਂ

0
410

ਲੁਧਿਆਣਾ| ਸ਼ਹਿਰ ਦਾ ਰੇਲਵੇ ਸਟੇਸ਼ਨ ਵੀ ਹੁਣ ਸਮਾਰਟ ਬਣਨ ਜਾ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ 478 ਕਰੋੜ ਰੁਪਏ ਦੀ ਲਾਗਤ ਨਾਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਮਿਲਣਗੀਆਂ । ਇਸ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਤੇ ਜਲਦ ਹੀ ਇਸ ਦੇ ਕੰਮ ਦੀ ਸ਼ੁਰੂਆਤ ਹੋ ਜਾਵੇਗੀ।

ਇਸ ਸਬੰਧੀ ਰਵਨੀਤ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2020 ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਦੇ ਆਧੁਨੀਕੀਕਰਨ ਦੀ ਮੰਗ ਨੂੰ ਲੈ ਕੇ ਉਸ ਵੇਲੇ ਦੇ ਰੇਲ ਮੰਤਰੀ ਪਿਊਸ਼ ਗੋਇਲ ਕੋਲ ਮੰਗ ਰੱਖੀ ਸੀ। ਕਈ ਟੀਮਾਂ ਤੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਨੂੰ ਹਰੀ ਝੰਡੀ ਮਿਲ ਗਈ ਸੀ।

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹੁਣ ਇਸ ਪ੍ਰਾਜੈਕਟ ਲਈ 478 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜਿਸ ਨਾਲ ਹੁਣ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਬਹੁ-ਮੰਜ਼ਲਾ ਕੰਪਲੈਕਸਾਂ ਦਾ ਨਿਰਮਾਣ, ਨਵੇਂ ਪਾਰਕਿੰਗ ਸਥਾਨ, ਲਿਫਟ ਤੇ ਐਲੀਵੇਟਰ ਪੌੜੀਆਂ ਨੂੰ ਚੌੜਾ ਕਰਨਾ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਰੇਲਵੇ ਨੇ 2 ਸਾਲਾਂ ਦਾ ਸਮਾਂ ਤੈਅ ਕੀਤਾ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਲੁਧਿਆਣਾ-ਖੰਨਾ ਤੇ ਲੁਧਿਆਣਾ-ਜਗਰਾਉਂ ਵਿਚਕਾਰ ਏ.ਸੀ. ਰੇਲ ਗੱਡੀਆਂ ਚਲਾਉਣ ਦਾ ਪ੍ਰਸਤਾਵ ਦਿੱਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਢੰਡਾਰੀ ਰੇਲਵੇ ਸਟੇਸ਼ਨ ’ਤੇ ਪ੍ਰਬੰਧ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਤਾਂ ਜੋ ਢੰਡਾਰੀ ਰੇਲਵੇ ਸਟੇਸ਼ਨ ਦੇ ਨੇੜੇ ਫੋਕਲ ਪੁਆਇੰਟ ਅਤੇ ਸਾਹਨੇਵਾਲ ਉਦਯੋਗਿਕ ਖੇਤਰ ਦੇ ਆਲੇ ਦੁਆਲੇ ਕੰਮ ਕਰਨ ਵਾਲੇ ਅਤੇ ਰਹਿਣ ਵਾਲੇ ਪ੍ਰਵਾਸੀ ਲੋਕਾਂ ਦੀਆਂ ਯਾਤਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਟਰੈਫਿਕ ਥੋੜ੍ਹਾ ਘੱਟ ਸਕੇ ।