ਲੁਧਿਆਣਾ : 11 ਸਾਲ ਦੀ ਲੜਕੀ ਨਾਲ ਅਧੇੜ ਉਮਰ ਦੇ ਵਿਅਕਤੀ ਨੇ ਕੀਤੀ ਜਬਰ-ਜ਼ਨਾਹ ਦੀ ਕੋਸ਼ਿਸ਼; ਰੌਲਾ ਪੈਣ ‘ਤੇ ਗ੍ਰਿਫਤਾਰ

0
695

ਲੁਧਿਆਣਾ, 24 ਨਵੰਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਹਵਸ ‘ਚ ਅੰਨ੍ਹੇ 42 ਸਾਲ ਦੇ ਵਿਅਕਤੀ ਨੇ ਵਿਹੜੇ ‘ਚ ਹੀ ਰਹਿੰਦੀ 11 ਸਾਲ ਦੀ ਮਾਸੂਮ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ l ਸੂਚਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖਿਲਾਫ ਪੋਕਸੋ ਐਕਟ ਤੇ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਰੋਜ਼ ਵਾਂਗ ਆਪਣੇ ਕੰਮ ‘ਤੇ ਗਈ ਹੋਈ ਸੀ l ਕਮਰੇ ‘ਚ ਉਸ ਦੀ 11 ਸਾਲ ਦੀ ਲੜਕੀ ਇਕੱਲੀ ਹੀ ਮੌਜੂਦ ਸੀ। ਇਸ ਦੌਰਾਨ ਉਸ ਦੀ ਭਰਜਾਈ ਦਾ ਫੋਨ ਆਇਆ ਕਿ ਵਿਹੜੇ ‘ਚ ਹੀ ਰਹਿਣ ਵਾਲਾ ਵਿਅਕਤੀ ਉਸ ਦੀ ਬੇਟੀ ਨੂੰ ਚੁੱਕ ਕੇ ਆਪਣੇ ਕਮਰੇ ਵਿਚ ਲੈ ਗਿਆ ਹੈ ਤੇ ਉਸ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਹੈ। ਔਰਤ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ l

ਉਧਰੋਂ ਇਸ ਮਾਮਲੇ ਸਬੰਧੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।