ਲੁਧਿਆਣਾ, : ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਕੂਟਰ ਸਵਾਰ ਜੋੜੇ ਨੂੰ ਤੇਜ਼ ਰਫਤਾਰ ਟਰੱਕ ਨੇ ਐਨੀ ਬੁਰੀ ਤਰ੍ਹਾਂ ਟੱਕਰ ਮਾਰੀ ਕਿ ਹਾਦਸੇ ਦੌਰਾਨ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਪਿੰਡ ਨੂਰਪੁਰ ਦਾ ਵਾਸੀ ਗੁੱਡੂ ਫੱਟੜ ਹੋ ਗਿਆ।
ਥਾਣਾ ਕੂਮ ਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਗੁੱਡੂ ਨੇ ਦੱਸਿਆ ਕਿ ਉਹ ਆਪਣੀ ਪਤਨੀ ਪਿੰਕੀ (30)ਨਾਲ ਸਕੂਟਰ ‘ਤੇ ਸਵਾਰ ਹੋ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਜਾ ਰਹੇ ਸਨ ਕਿ ਜਿਵੇਂ ਹੀ ਦੋਵੇਂ ਰਾਈਆਂ ਚੌਕ ਵਿੱਚ ਪਹੁੰਚੇ ਤਾਂ ਇੱਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ।
ਸਿਰ ਤੋਂ ਟਾਇਰ ਲੰਘਣ ਕਰਕੇ ਪਿੰਕੀ ਦੀ ਥਾਂ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।