ਲੁਧਿਆਣਾ : ਤੇਜ਼ ਰਫਤਾਰ ਟਰੱਕ ਨੇ ਸਾਈਕਲ ਸਵਾਰ ਕੁੜੀ ਨੂੰ ਮਾਰੀ ਭਿਆਨਕ ਟੱਕਰ, ਦਰਦਨਾਕ ਮੌਤ

0
897

ਲੁਧਿਆਣਾ, 8 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਸ਼ਾਮ ਟਰੱਕ ਨੇ ਇਕ ਕੁੜੀ ਨੂੰ ਕੁਚਲ ਦਿੱਤਾ। ਕੁੜੀ ਸਾਈਕਲ ‘ਤੇ ਘਰੋਂ ਆਟਾ ਲੈਣ ਜਾ ਰਹੀ ਸੀ। ਗਿੱਲ ਚੌਕ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁੜੀ ਟਰੱਕ ਦੇ ਹੇਠਾਂ ਆ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ।

ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਨੇ ਤੁਰੰਤ ਕੁੜੀ ਨੂੰ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਜੋਤਪ੍ਰੀਤ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਦੋਸ਼ੀ ਡਰਾਈਵਰ ਦਾ ਨਾਂ ਸੰਚਿਤ ਦੱਸਿਆ ਜਾ ਰਿਹਾ ਹੈ, ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।

ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਦੋਸ਼ੀ ਡਰਾਈਵਰ ਨੂੰ ਫੜ ਕੇ ਥਾਣੇ ਲਿਜਾਇਆ ਗਿਆ ਹੈ।