ਲੁਧਿਆਣਾ : ਹਵਸ ‘ਚ ਅੰਨ੍ਹੇ ਪੁਜਾਰੀ ਨੇ ਮੰਦਿਰ ‘ਚ 12 ਸਾਲਾ ਲੜਕੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਪਰਚਾ ਦਰਜ

0
543

ਲੁਧਿਆਣਾ : ਇਕ ਬਹੁਤ ਹੀ ਸ਼ਰਮਨਾਕ ਘਟਨਾ ਦੁੱਗਰੀ ਦੇ ਇਲਾਕੇ ਵਿਚ ਪੈਂਦੇ ਪੰਜਾਬੀ ਬਾਗ਼ ਦੇ ਓਮ ਬਾਬਾ ਮੰਦਰ ਵਿਚ ਵਾਪਰੀ। ਹਵਸ ਵਿਚ ਅੰਨ੍ਹੇ ਹੋਏ ਮੰਦਰ ਦੇ ਪੁਜਾਰੀ ਨੇ ਮੱਥੇ ‘ਤੇ ਤਿਲਕ ਲਗਾਉਣ ਅਤੇ ਪੇਪਰਾਂ ਵਿੱਚੋ ਚੰਗੇ ਨੰਬਰਾਂ ਲਈ ਭਗਵਾਨ ਦਾ ਅਸ਼ੀਰਵਾਦ ਦਿਵਾਉਣ ਦੀ ਗੱਲ ਕਹਿ ਕੇ 12 ਵਰ੍ਹਿਆਂ ਦੀ ਬਾਲੜੀ ਨੂੰ ਮੰਦਰ ਦੇ ਅੰਦਰ ਬੁਲਾਇਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।

ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੁੱਗਰੀ ਦੇ ਇਕ ਇਲਾਕੇ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਹ ਬਜ਼ਾਰ ਵਿੱਚ ਖ਼ਰੀਦਾਰੀ ਕਰਨ ਲਈ ਗਈ ਹੋਈ ਸੀ। ਦੁਪਹਿਰ ਵੇਲੇ ਉਸ ਦੀ ਬੇਟੀ ਸਕੂਲ ਤੋਂ ਘਰ ਵਾਪਸ ਪਰਤੀ ਅਤੇ ਗੁਆਂਢ ਦੇ ਮੋਬਾਇਲ ਤੋਂ ਫੋਨ ਕਰਕੇ ਉਸ ਨੇ ਜੋ ਕੁਝ ਦੱਸਿਆ ਉਹ ਸੁਣ ਕੇ ਔਰਤ ਪਰੇਸ਼ਾਨ ਹੋ ਗਈ।

ਵਿਦਿਆਰਥਣ ਨੇ ਆਪਣੀ ਮਾਂ ਨੂੰ ਦੱਸਿਆ ਕਿ ਸਕੂਲ ਤੋਂ ਵਾਪਸ ਪਰਤਦੇ ਸਮੇਂ ਮੰਦਰ ਦੇ ਗੇਟ ‘ਤੇ ਪੁਜਾਰੀ ਰਮਾਕਾਂਤ ਖੜ੍ਹਾ ਸੀ। ਉਸ ਨੇ ਆਵਾਜ਼ ਮਾਰ ਕੇ ਬੱਚੀ ਨੂੰ ਮੰਦਰ ਦੇ ਅੰਦਰ ਬੁਲਾਇਆ ਅਤੇ ਆਖਿਆ ਕਿ ਪੇਪਰਾਂ ਚੋਂ ਵਧੀਆ ਨੰਬਰ ਲਿਆਉਣ ਲਈ ਉਹ ਉਸਦੇ ਮੱਥੇ ‘ਤੇ ਤਿਲਕ ਲਗਾ ਕੇ ਭਗਵਾਨ ਦਾ ਅਸ਼ੀਰਵਾਦ ਦਿਵਾਏਗਾ।

ਬੱਚੀ ਨੇ ਦੱਸਿਆ ਕਿ ਪੁਜਾਰੀ ਨੇ ਮੰਦਿਰ ਦੇ ਕੋਨੇ ਵਿੱਚ ਲਿਜਾ ਕੇ ਉਸ ਨਾਲ ਬੇਹੱਦ ਅਸ਼ਲੀਲ ਹਰਕਤਾਂ ਕੀਤੀਆਂ। ਜਾਣਕਾਰੀ ਮਿਲਦੇ ਹੀ ਲੜਕੀ ਦੇ ਮਾਂ ਨੇ ਸਾਰਾ ਮਾਮਲਾ ਥਾਣਾ ਦੁੱਗਰੀ ਦੀ ਪੁਲਿਸ ਦੇ ਧਿਆਨ ਵਿਚ ਲਿਆਂਦਾ। ਉਧਰੋਂ ਇਸ ਮਾਮਲੇ ਵਿੱਚ ਥਾਣਾ ਦੁੱਗਰੀ ਦੇ ਇੰਸਪੈਕਟਰ ਮਧੁਬਾਲਾ ਦੇ ਮੁਤਾਬਕ ਪੁਲਿਸ ਨੇ ਪੁਜਾਰੀ ਰਮਾਕਾਂਤ ਦੇ ਖਿਲਾਫ ਨਾਬਾਲਗ ਬੱਚੀ ਨਾਲ ਛੇੜਛਾੜ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।