ਲੁਧਿਆਣਾ : ਜੀਟੀ ਰੋਡ ਜਲੰਧਰ ਬਾਈਪਾਸ ਤੋਂ ਜੱਸੀਆਂ ਰੋਡ ਦੇ ਰਾਹ ਨੂੰ ਘਰ ਪਰਤ ਰਹੇ ਇਕ ਪੰਜ ਸਾਲਾ ਬੱਚੇ ਸੜਕ ’ਤੇ ਲੜ ਰਹੇ ਸਾਨ੍ਹਾਂ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਬੱਚੇ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਜਿਥੋਂ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਪਰ ਬੱਚੇ ਦੀ ਰਾਹ ਵਿਚ ਹੀ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਪਛਾਣ 5 ਸਾਲਾ ਮਯੰਕ ਵਜੋਂ ਹੋਈ ਹੈ। ਉਸ ਦੇ ਪਿਤਾ ਸਾਹਿਲ ਨੇ ਦੱਸਿਆ ਕਿ ਉਹ ਜੱਸੀਆਂ ਰੋਡ ਦੀ ਆਸ਼ਿਆਨਾ ਕਾਲੋਨੀ ਵਿਚ ਰਹਿੰਦੇ ਹਨ। ਸਾਰਾ ਪਰਿਵਾਰ ਮੰਗਲਵਾਰ ਤੇ ਸ਼ਨਿੱਚਰਵਾਰ ਨੂੰ ਮਾਤਾਰਾਣੀ ਚੌਕ ਸ਼ੀਤਲਾ ਮੰਦਿਰ ਵਿਚ ਸੇਵਾ ਕਰਨ ਲਈ ਜਾਂਦਾ ਹੈ, ਜਿਥੋਂ ਪਰਿਵਾਰ ਤਕਰੀਬਨ 8 ਵਜੇ ਘਰ ਮੁੜਿਆ।
ਰਾਹ ਵਿਚ ਉਨ੍ਹਾਂ ਦੇ ਬੱਚੇ ਨੇ ਕੁਝ ਖਾਣ ਦੀ ਜ਼ਿੱਦ ਕੀਤੀ। ਜਿਵੇਂ ਹੀ ਬੱਚਾ ਛੋਟੀ ਭੈਣ ਪਰੀ ਨਾਲ ਕੇਲੇ ਖਾਣ ਲੱਗਾ ਤਾਂ ਪਿੱਛੋਂ ਸੜਕ ’ਤੇ ਲੜਦੇ ਦੋ ਸਾਨ੍ਹ ਦੌੜਦੇ ਹੋਏ ਆਏ ਤੇ ਮਯੰਕ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਗੰਭੀਰ ਹਾਲਤ ’ਚ ਉਸ ਨੂੰ ਹਸਪਤਾਲ ਲਿਜਾ ਰਹੇ ਸੀ ਕਿ ਰਾਹ ਵਿਚ ਹੀ ਬੱਚੇ ਦੀ ਮੌਤ ਹੋ ਗਈ। ਦਾਦਾ ਜੋਗਿੰਦਰ ਪਾਲ ਨੇ ਦੱਸਿਆ ਕਿ ਮਯੰਕ ਦੂਸਰੀ ਜਮਾਤ ’ਚ ਪੜ੍ਹਦਾ ਸੀ। ਬੱਚੇ ਦੇ ਮਾਪਿਆਂ ਦਾ ਰੋ-ਰੋਕ ਕੇ ਬੁਰਾ ਹਾਲ ਹੈੈ।