ਲੁਧਿਆਣਾ : ਕੰਮ ‘ਤੇ ਗਈ 29 ਸਾਲਾ ਕੁੜੀ ਸ਼ੱਕੀ ਹਾਲਾਤ ‘ਚ ਲਾਪਤਾ, ਪਿਛਲੇ 35 ਦਿਨਾਂ ਤੋਂ ਕੋਈ ਸੁਰਾਗ ਨਹੀਂ

0
111

 ਲੁਧਿਆਣਾ| ਇਕ ਮਹੀਨਾ 5 ਦਿਨ ਪਹਿਲਾਂ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਈ 29 ਸਾਲ ਦੀ ਮੁਟਿਆਰ ਸਬੰਧੀ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗਿਆ।

ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਲੁਕਾ ਕੇ ਰੱਖਿਆ ਹੋਇਆ ਹੈ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਹਰ ਰੋਜ਼ ਵਾਂਗ 24 ਮਈ ਨੂੰ ਸਵੇਰੇ ਅੱਠ ਵਜੇ ਦੇ ਕਰੀਬ ਉਨ੍ਹਾਂ ਦੀ ਛੋਟੀ ਬੇਟੀ ਆਪਣੇ ਕੰਮ ‘ਤੇ ਚਲੀ ਗਈ। ਦੇਰ ਸ਼ਾਮ ਤੱਕ ਵੀ ਜਦ ਲੜਕੀ ਘਰ ਵਾਪਸ ਨਾ ਪਰਤੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ।

ਇੱਕ ਮਹੀਨਾ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਲੜਕੀ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ। ਲੜਕੀ ਦੇ ਪਿਤਾ ਨੇ ਦੱਸਿਆ ਕਿ ਵਾਕਫ਼ ਵਿਅਕਤੀਆਂ ਅਤੇ ਰਿਸ਼ਤੇਦਾਰਾਂ ਕੋਲੋਂ ਵੀ ਪੁੱਛਗਿਛ ਕੀਤੀ ਗਈ ਪਰ ਲੜਕੀ ਸਬੰਧੀ ਕੋਈ ਸੂਚਨਾ ਨਾ ਮਿਲੀ।

ਲੜਕੀ ਦੇ ਪਿਤਾ ਨੂੰ ਸ਼ੱਕ ਹੈ ਕਿ ਮੁਟਿਆਰ ਦੇ ਗਾਇਬ ਹੋਣ ਦੇ ਪਿੱਛੇ ਅਣਪਛਾਤੇ ਵਿਅਕਤੀਆਂ ਦਾ ਹੱਥ ਹੈ। ਫਿਲਹਾਲ ਥਾਣਾ ਨੰਬਰ-8 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਵਿਚ ਜੁਟ ਗਈ ਹੈ।