ਲੁਧਿਆਣਾ : ਪ੍ਰੇਮਿਕਾ ਦੇ ਘਰਦਿਆਂ ਤੋਂ ਤੰਗ ਆ ਕੇ 24 ਸਾਲਾ ਮੁੰਡੇ ਨੇ ਦਿੱਤੀ ਜਾਨ

0
146

ਲੁਧਿਆਣਾ, 22 ਜਨਵਰੀ| ਲੁਧਿਆਣਾ ‘ਚ ਚੰਡੀਗੜ੍ਹ ਰੋਡ ‘ਤੇ ਭਾਮੀਆਂ ਕਲਾਂ ਇਲਾਕੇ ‘ਚ ਜੀਆਰਡੀ ਅਕੈਡਮੀ ਨੇੜੇ ਰਹਿਣ ਵਾਲੇ ਨੌਜਵਾਨ ਨੇ ਬੀਤੇ ਸ਼ਨੀਵਾਰ ਦੇਰ ਰਾਤ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਰਿਵਾਰ ਦੇਰ ਰਾਤ ਵਿਆਹ ਸਮਾਗਮ ਤੋਂ ਵਾਪਸ ਆਇਆ। ਪਰਿਵਾਰਕ ਮੈਂਬਰਾਂ ਨੇ ਘਰ ਦਾ ਦਰਵਾਜ਼ਾ ਕਾਫੀ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ।

ਦੱਸ ਦਈਏ ਕਿ ਪਰਿਵਾਰਕ ਮੈਂਬਰ ਗੁਆਂਢੀ ਘਰ ਤੋਂ ਕੰਧ ਟੱਪ ਕੇ ਉਨ੍ਹਾਂ ਦੇ ਘਰ ‘ਚ ਦਾਖਲ ਹੋਏ। ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਨੌਜਵਾਨ ਚੁੰਨੀ ਦੇ ਸਹਾਰੇ ਪੱਖੇ ਨਾਲ ਲਟਕ ਰਿਹਾ ਸੀ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ 24 ਸਾਲਾ ਗੌਰਵ ਕੁਮਾਰ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੰਦ ਕਿਸ਼ੋਰ ਨੇ ਦੱਸਿਆ ਕਿ ਗੌਰਵ ਕਾਰਾਂ ਦੀ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਸੀ। ਪਿਤਾ ਨੰਦ ਕਿਸ਼ੋਰ ਅਨੁਸਾਰ ਉਸ ਦਾ ਲੜਕਾ ਗੌਰਵ ਕਰੀਬ 3 ਸਾਲ ਪਹਿਲਾਂ ਕਾਲਕਾ ਦੀ ਰਹਿਣ ਵਾਲੀ ਇਕ ਲੜਕੀ ਨੂੰ ਰਿਸ਼ਤੇਦਾਰਾਂ ਦੇ ਘਰ ਮਿਲਿਆ ਸੀ।

ਜਿਸ ਤੋਂ ਬਾਅਦ ਉਕਤ ਲੜਕੀ ਲੁਧਿਆਣਾ ਆ ਗਈ ਅਤੇ ਆਪਣੀ ਮਾਸੀ ਦੇ ਘਰ ਰਹਿ ਕੇ ਇੱਥੇ ਪੜ੍ਹਾਈ ਕਰਨ ਲੱਗ ਪਈ। ਇਸ ਦੌਰਾਨ ਦੋਵੇਂ ਅਕਸਰ ਮਿਲਣ ਲੱਗੇ, ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਪਿਤਾ ਅਨੁਸਾਰ ਉਕਤ ਲੜਕੀ ਅਕਸਰ ਉਨ੍ਹਾਂ ਦੇ ਘਰ ਆਉਂਦੀ ਰਹਿੰਦੀ ਸੀ। ਲੜਕੀ ਅਤੇ ਗੌਰਵ ਦੇ ਪ੍ਰੇਮ ਸਬੰਧਾਂ ਬਾਰੇ ਲੜਕੀ ਦੇ ਭਰਾ ਨੂੰ ਪਤਾ ਸੀ, ਜੋ ਉਨ੍ਹਾਂ ਦੇ ਵਿਆਹ ਲਈ ਤਿਆਰ ਸੀ।

ਇਸ ਦੇ ਨਾਲ ਹੀ ਲੜਕੀ ਦੀ ਮਾਂ ਅਤੇ ਕੁਝ ਹੋਰ ਪਰਿਵਾਰਕ ਮੈਂਬਰ ਉਸ ‘ਤੇ ਵਿਦੇਸ਼ ਰਹਿੰਦੇ ਨੌਜਵਾਨ ਨਾਲ ਵਿਆਹ ਕਰਵਾਉਣ ਲਈ ਦਬਾਅ ਪਾ ਰਹੇ ਸਨ। ਜਿਸ ਕਾਰਨ ਉਹ ਨੌਜਵਾਨ ਨੂੰ ਪਿਛਲੇ ਕਈ ਦਿਨਾਂ ਤੋਂ ਫੋਨ ਕਰਕੇ ਧਮਕੀਆਂ ਦੇ ਰਿਹਾ ਸੀ। ਇਸ ਤੋਂ ਦੁਖੀ ਹੋ ਕੇ ਉਸ ਦੇ ਪੁੱਤਰ ਨੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰ ਜਮਾਲਪੁਰ ਥਾਣੇ ਵਿੱਚ ਸ਼ਿਕਾਇਤ ਕਰਨਗੇ। ਫਿਲਹਾਲ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਹੈ।