ਲੁਧਿਆਣਾ : 15 ਲੱਖ ਦੀ ਜਾਅਲੀ ਕਰੰਸੀ ਸਮੇਤ 4 ਜਣੇ ਗ੍ਰਿਫਤਾਰ, ਪੜ੍ਹੋ ਗਿਰੋਹ ਦਾ ਕਿੱਥੇ-ਕਿੱਥੇ ਸੀ ਕੁਨੈਕਸ਼ਨ

0
767

ਲੁਧਿਆਣਾ | ਖੰਨਾ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਕੇ ਬਾਜ਼ਾਰ ‘ਚ ਸਪਲਾਈ ਕਰਨ ਦੇ ਦੋਸ਼ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਮੁਲਜ਼ਮਾਂ ਵੱਲੋਂ ਇਸ ਕਰੰਸੀ ਨੂੰ ਬਾਜ਼ਾਰ ਵਿਚ ਲਿਆਉਣ ਤੋਂ ਪਹਿਲਾਂ ਹੀ ਪੁਲਿਸ ਨੇ ਵਿਅਕਤੀਆਂ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਰੈਕੇਟ ਰਾਜਸਥਾਨ ਤੋਂ ਚੱਲ ਰਿਹਾ ਸੀ।

ਮੁਲਜ਼ਮ ਨੂੰ ਦੂਜੇ ਰਾਜ ਤੋਂ ਲਿਆਉਣ ਕਾਰਨ ਅਦਾਲਤ ਤੋਂ ਮਨਜ਼ੂਰੀ ਲਈ ਗਈ। ਪੁਲਿਸ ਨੇ 16 ਅਪ੍ਰੈਲ ਨੂੰ ਰਾਜਸਥਾਨ ਦੇ ਅਜਮੇਰ ਤੋਂ ਮਨੋਜ ਕੁਮਾਰ ਉਰਫ਼ ਵਿਜੇ ਅਤੇ ਉਸ ਦੇ ਸਾਥੀ ਮਦਨ ਲਾਲ ਪਾਸੋਂ 14 ਲੱਖ 20 ਹਜ਼ਾਰ ਦੀ ਨਕਲੀ ਵੀ ਬਰਾਮਦ ਕੀਤੀ ਸੀ। ਨਕਲੀ ਨੋਟ ਬਣਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਲੈਪਟਾਪ, ਪ੍ਰਿੰਟਰ ਅਤੇ ਖਾਲੀ ਕਾਗਜ਼ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 17 ਹਜ਼ਾਰ 500 ਰੁਪਏ ਦੀ ਇੱਕ ਹੋਰ ਜਾਅਲੀ ਕਰੰਸੀ ਵੀ ਬਰਾਮਦ ਕੀਤੀ ਸੀ। ਮੁਲਜ਼ਮਾਂ ਕੋਲੋਂ ਪਲੇਨ ਪੇਜ ਦੇ ਪ੍ਰਿੰਟ ਕੀਤੇ ਨੋਟ ਵੀ ਬਰਾਮਦ ਕੀਤੇ ਗਏ ਹਨ।

SSP ਅਮਨੀਤ ਕੌਂਡਲ ਨੇ ਦੱਸਿਆ ਕਿ CIA ਸਟਾਫ਼ ਦੇ ਇੰਸਪੈਕਟਰ ਹਰਦੀਪ ਸਿੰਘ ਅਤੇ ਥਾਣਾ ਸਦਰ ਗਸ਼ਤ ਕਰ ਰਹੇ ਸਨ। ਅਧਿਕਾਰੀ ਸ਼ੱਕੀ ਵਿਅਕਤੀਆਂ ਦੀ ਜਾਂਚ ਲਈ ਪਿੰਡ ਅਲੌੜ ਵਿਚ ਮੌਜੂਦ ਸਨ। ਨਾਕਾਬੰਦੀ ਦੌਰਾਨ ਪੁਲਿਸ ਨੇ ਨੌਜਵਾਨਾਂ ਨੂੰ ਚੈਕਿੰਗ ਲਈ ਰੋਕ ਲਿਆ। ਜਦੋਂ ਪੁਲਿਸ ਨੇ ਇੱਕ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿੱਚੋਂ 500 ਰੁਪਏ ਦੇ ਨੋਟ ਬਰਾਮਦ ਹੋਏ। ਇਸ ਤੋਂ ਬਾਅਦ ਜਦੋਂ ਦੂਜੇ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 200 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ। ਇਨ੍ਹਾਂ ਨੋਟ ਦੇ ਸੀਰੀਅਲ ਨੰਬਰ ਇੱਕੋ ਜਿਹੇ ਸਨ।

ਉਪਰੋਕਤ ਦੋਵਾਂ ਮੁਲਜ਼ਮਾਂ ਕੋਲੋਂ ਕੁੱਲ 67 ਹਜ਼ਾਰ 500 ਰੁਪਏ ਦੇ ਨੋਟ ਬਰਾਮਦ ਕੀਤੇ ਗਏ ਹਨ। ਪੁਲਿਸ ਨੂੰ ਨੌਜਵਾਨਾਂ ਨੇ ਆਪਣਾ ਨਾਮ ਕਮਲਜੀਤ ਸਿੰਘ ਵਾਸੀ ਪਿੰਡ ਰਣਵਾਂ ਤਹਿਸੀਲ ਸਮਰਾਲਾ ਅਤੇ ਹਰੀ ਭਾਰਦਵਾਜ ਵਾਸੀ ਬੱਸ ਸਟੈਂਡ ਮਾਛੀਵਾੜਾ ਦੱਸਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਰਾਜਸਥਾਨ ਤੋਂ ਜਾਅਲੀ ਕਰੰਸੀ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ।

ਮੁਲਜ਼ਮਾਂ ਕੋਲੋਂ ਹੁਣ ਤੱਕ ਕੁੱਲ 15 ਲੱਖ 5 ਹਜ਼ਾਰ 500 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਸੂਚਨਾ ਮੁਤਾਬਕ ਮੁਲਜ਼ਮ ਮਨੋਜ ਕੁਮਾਰ ਉਰਫ਼ ਵਿਜੇ ਖ਼ਿਲਾਫ਼ ਕੁੱਲ 5 ਕੇਸ ਦਰਜ ਹਨ। ਦੂਜੇ ਪਾਸੇ ਮਦਨ ਲਾਲ ‘ਤੇ ਰਾਜਸਥਾਨ ‘ਚ ਵੀ ਮਾਮਲਾ ਦਰਜ ਹੈ। ਪੁਲਿਸ ਮੁਲਜ਼ਮਾਂ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮ ਇਹ ਨੋਟ ਕਿਨ੍ਹਾਂ ਥਾਵਾਂ ’ਤੇ ਸਪਲਾਈ ਕਰਨ ਜਾ ਰਹੇ ਸਨ।