ਲੁਧਿਆਣਾ : ਸਿਨੇਮਾ ‘ਚ ਫ਼ਿਲਮ ‘ਮੂਸਾ ਜੱਟ’ ਦੀ ਰਿਕਾਰਡਿੰਗ ਕਰਦੇ 3 ਨੌਜਵਾਨ ਗ੍ਰਿਫ਼ਤਾਰ, ਕੇਸ ਦਰਜ

0
4141

ਲੁਧਿਆਣਾ | ਓਮੈਕਸ ਪਲਾਜ਼ਾ ਦੇ ਸਿਨੇਮਾਘਰ ‘ਚ ਸਿੱਧੂ ਮੂਸੇਵਾਲਾ ਦੀ ਚੱਲ ਰਹੀ ਫ਼ਿਲਮ ‘ਮੂਸਾ ਜੱਟ’ ਦੀ ਰਿਕਾਰਡਿੰਗ ਕਰ ਰਹੇ 3 ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ।

ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਇਸ ਮਾਮਲੇ ‘ਚ ਕਰੀਮਪੁਰਾ ਬਾਜ਼ਾਰ ਦੇ ਰਹਿਣ ਵਾਲੇ ਵਿਕਾਸ ਵਿਰਦੀ ਦੇ ਬਿਆਨਾਂ ‘ਤੇ ਪ੍ਰੀਤ ਨਗਰ ਦੇ ਮਨਪ੍ਰੀਤ ਸਿੰਘ, ਮਨੋਹਰ ਨਗਰ ਦੇ ਰਵੀ ਕੁਮਾਰ ਤੇ ਰਣਵੀਰ ਸਿੰਘ ਖਿਲਾਫ਼ ਕਾਪੀਰਾਈਟ, ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਏਐੱਸਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਵਿਕਾਸ ਵਿਰਦੀ ਨੇ ਜਾਣਕਾਰੀ ਦਿੱਤੀ ਸੀ ਕਿ ਤਿੰਨੋਂ ਨੌਜਵਾਨ ਓਮੈਕਸ ਪਲਾਜ਼ਾ ਦੇ ਸਿਨੇਮੇ ‘ਚ ਸਿੱਧੂ ਮੂਸੇਵਾਲਾ ਦੀ ਚੱਲ ਰਹੀ ਫ਼ਿਲਮ ‘ਮੂਸਾ ਜੱਟ’ ਦੀ ਆਪਣੇ ਮੋਬਾਇਲ ਨਾਲ ਵੀਡੀਓ ਬਣਾ ਰਹੇ ਸਨ। ਪੁਲਿਸ ਮੁਤਾਬਕ ਆਰੋਪੀਆਂ ਨੇ ਇਹ ਵੀਡੀਓ ਵੱਖ-ਵੱਖ ਸਾਈਟਾਂ ‘ਤੇ ਅਪਲੋਡ ਕਰਕੇ ਵੇਚਣੀ ਸੀ।

ਜਾਣਕਾਰੀ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਤਿੰਨਾਂ ਆਰੋਪੀਆਂ ਨੂੰ ਹਿਰਾਸਤ ‘ਚ ਲੈ ਲਿਆ। ਮਾਮਲੇ ‘ਚ ਪੁਲਿਸ ਨੇ ਤਿੰਨਾਂ ਨੌਜਵਾਨਾਂ ਖਿਲਾਫ ਐੱਫਆਈਆਰ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।