ਲੁਧਿਆਣਾ : ਚਿੱਟੇ ਨੇ ਨਿਗਲਿਆ 22 ਸਾਲ ਦਾ ਮਾਪਿਆਂ ਦਾ ਇਕਲੌਤਾ ਪੁੱਤ

0
597

ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ 22 ਸਾਲ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਨਾਮ ਨਾ ਦੱਸਣ ਦੀ ਸੂਰਤ ਵਿਚ ਉਥੋਂ ਦੇ ਇਕ ਵਸਨੀਕ ਨੇ ਆਖਿਆ ਕਿ ਨੌਜਵਾਨ ਚਿੱਟੇ ਦਾ ਆਦੀ ਸੀ। ਇਕ ਵਿਅਕਤੀ ਨੇ ਦੱਸਿਆ ਕਿ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕਾ ਨੌਜਵਾਨ ਆਪਣੇ ਪਿਤਾ ਦੇ ਨਾਲ ਹੀ ਮਿਹਨਤ-ਮਜ਼ਦੂਰੀ ਕਰਦਾ ਸੀ।

ਤਕਰੀਬਨ ਇਕ ਸਾਲ ਤੋਂ ਉਹ ਨਸ਼ਾ ਕਰ ਰਿਹਾ ਸੀ। ਸ਼ਨੀਵਾਰ ਸਵੇਰੇ ਇਲਾਕੇ ਵਿਚ ਇਹ ਖ਼ਬਰ ਫੈਲ ਗਈ ਕਿ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ। ਵਿਅਕਤੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਸਵੇਰ ਵੇਲੇ ਨੌਜਵਾਨ ਨੇ ਨਸ਼ਾ ਕੀਤਾ, ਜਿਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। ਪਹਿਲਾਂ ਪਰਿਵਾਰਕ ਮੈਂਬਰ ਇਸ ਸਬੰਧੀ ਜਾਣਕਾਰੀ ਦੇਣ ਲਈ ਰਾਜ਼ੀ ਹੋ ਗਏ ਪਰ ਬਾਅਦ ਵਿਚ ਪੁਲਿਸ ਦੀ ਕਾਰਵਾਈ ਦੇ ਡਰ ਤੋਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ।

ਇਲਾਕੇ ਦੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਲਾਕੇ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ। ਇਸ ਮਾਮਲੇ ਸਬੰਧੀ ਚੌਕੀ ਤਾਜਪੁਰ ਦੇ ਇੰਚਾਰਜ ਸਬ-ਇੰਸਪੈਕਟਰ ਜਨਕ ਰਾਜ ਨੇ ਦੱਸਿਆ ਕਿ ਪੁਲਿਸ ਨੂੰ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਸ਼ਿਕਾਇਤ ਆਉਣ ਤੋਂ ਬਾਅਦ ਪੁਲਿਸ ਬਣਦੀ ਕਾਰਵਾਈ ਕਰੇਗੀ।