ਲੁਧਿਆਣਾ : 2 ਵਿਅਕਤੀਆਂ ਨੇ ਕੁੱਟ-ਕੁੱਟ ਕੇ ਮਾਰਿਆ ਨੌਜਵਾਨ, ਔਰਤ ਨੂੰ ਛੇੜਨ ਦਾ ਲਾਇਆ ਦੋਸ਼

0
416

ਲੁਧਿਆਣਾ, 09 ਸਤੰਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਔਰਤ ਨੂੰ ਛੇੜਨ ਦਾ ਦੋਸ਼ ਲਾਉਂਦੇ ਹੋਏ 2 ਵਿਅਕਤੀਆਂ ਨੇ ਇਕ ਨੌਜਵਾਨ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਮਾਮਲੇ ਸਬੰਧੀ ਥਾਣਾ ਡਾਬਾ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਢੰਡਾਰੀ ਕਲਾਂ ਵਾਸੀ ਅਨੁਰਾਗ ਪਾਂਡੇ (23) ਵਜੋਂ ਹੋਈ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਨਸ਼ੇ ਵਿਚ ਟੱਲੀ ਸੀ। ਨਿਊ ਆਜ਼ਾਦ ਨਗਰ ਦੀ ਰਹਿਣ ਵਾਲੀ ਵਿੱਦਿਆ ਨੇ ਦੱਸਿਆ ਕਿ ਉਹ ਇਲਾਕੇ ਵਿਚ ਚੱਲ ਰਹੇ ਜਨਮ ਅਸ਼ਟਮੀ ਦੇ ਪ੍ਰੋਗਰਾਮ ਤੋਂ ਦੇਰ ਰਾਤ ਘਰ ਵਾਪਸ ਆ ਰਹੀ ਸੀ। ਰਸਤੇ ਵਿਚ ਉਸ ਨੇ ਦੇਖਿਆ ਕਿ 2 ਵਿਅਕਤੀ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਸਨ। ਔਰਤ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਆਖਿਆ ਕਿ ਇਹ ਵਿਅਕਤੀ ਇੱਕ ਔਰਤ ਨੂੰ ਪਰੇਸ਼ਾਨ ਕਰਦਾ ਹੈ। ਵਿੱਦਿਆ ਵੱਲੋਂ ਰੌਲਾ ਪਾਉਣ ‘ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਏਸੀਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਪੁਲਿਸ ਵਿੱਦਿਆ ਰਾਣੀ ਕੋਲੋਂ ਜਾਣਕਾਰੀ ਲੈ ਕੇ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਜੁਟ ਗਈ ਹੈ। ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੇਗੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।