ਲੁਧਿਆਣਾ : 1 ਮਹੀਨੇ ਦੀ ਬੱਚੀ ਦੀ ਹੋਈ ਮੌਤ, ਮਾਂ ਨੇ ਹੱਥ ‘ਚ ਫੜੀ ਮ੍ਰਿਤ ਬੱਚੀ ਨੂੰ ਵੇਖ ਕੇ ਤੋੜਿਆ ਦਮ

0
405

ਲੁਧਿਆਣਾ, 26 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਮਾਲਪੁਰ ‘ਚ ਇਕ ਮਹੀਨੇ ਦੀ ਬੱਚੀ ਦੀ ਮੌਤ ਦੇ ਸਦਮੇ ਤੋਂ ਦੁਖੀ ਹੋ ਕੇ ਮਾਂ ਨੇ ਜਾਨ ਦੇ ਦਿੱਤੀ। ਇਹ ਬੱਚੀ ਜਨਮ ਤੋਂ ਹੀ ਬੀਮਾਰ ਸੀ ਅਤੇ ਵੱਡੇ ਆਪ੍ਰੇਸ਼ਨ ਰਾਹੀਂ ਜਨਮ ਲਿਆ ਸੀ, ਜਿਸ ਨੇ ਜ਼ਿੰਦਗੀ ਦੇ ਸਿਰਫ ਇਕ ਮਹੀਨੇ ਬਾਅਦ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਦੁਖੀ ਹੋਏ ਪਰਿਵਾਰ ਨੇ ਨਵਜੰਮੇ ਬੱਚੇ ਦੀ ਲਾਸ਼ ਨੂੰ ਹਸਪਤਾਲ ਤੋਂ ਘਰ ਲਿਆਂਦਾ। ਮਾਂ ਆਪਣੀ ਧੀ ਦੀ ਲਾਸ਼ ਦੇਖ ਕੇ ਬੇਹੋਸ਼ ਹੋ ਗਈ ਅਤੇ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਕਾਰਨ ਆਲੇ-ਦੁਆਲੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਹੈ। ਇਸ ਘਟਨਾ ਦੀ ਪੂਰੀ ਜਾਣਕਾਰੀ ਜਮਾਲਪੁਰ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਮ੍ਰਿਤਕਾ ਦੀ ਪਛਾਣ 34 ਸਾਲ ਦੀ ਗੋਬਿੰਦ ਨਗਰ ਵਾਸੀ ਡਿੰਪਲ ਸ਼ਰਮਾ ਵਜੋਂ ਹੋਈ ਹੈ । ਪਤੀ ਗੌਰਵ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਨੇ ਇਕ ਮਹੀਨੇ ਪਹਿਲਾਂ ਬੇਟੀ ਨੂੰ ਜਨਮ ਦਿੱਤਾ ਸੀ। ਜਮਾਲਪੁਰ ਦੇ ਥਾਣੇਦਾਰ ਮਦਨ ਲਾਲ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਰ ਜਾਣਕਾਰੀ ਮਿਲੇਗੀ। ਵਿਸਰੇ ਨੂੰ ਅਗਲੇਰੀ ਜਾਂਚ ਲਈ ਫੋਰੈਂਸਿਕ ਲੈਬ ਵਿਚ ਭੇਜ ਦਿੱਤਾ ਹੈ।