LPG ਸਿਲੰਡਰ ’ਚੋਂ ਨਾਜਾਇਜ਼ ਤੌਰ ‘ਤੇ ਛੋਟੇ ਸਿਲੰਡਰ ‘ਚ ਗੈਸ ਭਰਦਿਆਂ ਲੱਗੀ ਅੱਗ, ਮਹਿਲਾ ਦੀ ਮੌਤ

0
593

ਤਰਨਤਾਰਨ : ਜੰਡਿਆਲਾ ਗੁਰੂ ਰੇਲਵੇ ਫਾਟਕ ਦੇ ਨਜ਼ਦੀਕ ਗੈਸ ਚੁੱਲ੍ਹੇ ਦੀ ਮੁਰੰਮਤ ਦਾ ਕੰਮ ਕਰਨ ਵਾਲੇ ਕੁਲਵੰਤ ਸਿੰਘ ਦੀ 40 ਸਾਲਾ ਪਤਨੀ ਪਲਵਿੰਦਰ ਕੌਰ ਪਿੰਕੀ ਦੀ ਛੱਤ ਤੋਂ ਛਾਲ ਮਾਰਨ ਨਾਲ ਮੌਤ ਹੋ ਗਈ। ਆਸਪਾਸ ਦੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਸ਼ਨਿਚਰਵਾਰ ਰਾਤ ਨੂੰ ਮਹਿਲਾ ਘਰੇਲੂ ਐੱਲਪੀਜੀ ਸਿਲੰਡਰ ’ਚੋਂ ਨਾਜਾਇਜ਼ ਤੌਰ ’ਤੇ ਛੋਟੇ ਗੈਸ ਸਿਲੰਡਰ ’ਚ ਗੈਸ ਭਰ ਰਹੀ ਸੀ। ਇਸ ਦੌਰਾਨ ਅਚਾਨਕ ਧਮਾਕਾ ਹੋਣ ਨਾਲ ਅੱਗ ਲੱਗ ਗਈ। ਘਬਰਾਹਟ ’ਚ ਪਿੰਕੀ ਨੇ ਅੱਗ ਤੋਂ ਬਚਣ ਲਈ ਛੱਤ ਤੋਂ ਛਾਲ ਮਾਰ ਦਿੱਤੀ ਤੇ ਉਸ ਦੇ ਸਿਰ ’ਚ ਸੱਟ ਲੱਗ ਗਈ। ਜ਼ਖ਼ਮੀ ਹਾਲਤ ’ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਪਿੰਡ ਮੱਲ੍ਹੀਆਂ ਦਾ ਰਹਿਣ ਵਾਲਾ ਕੁਲਵੰਤ ਸਿੰਘ ਕੰਤਾ ਜੰਡਿਆਲਾ ਰੋਡ ਰੇਲਵੇ ਫਾਟਕ ਨੇੜੇ ਗੈਸ ਚੁੱਲ੍ਹੇ ਦੀ ਮੁਰੰਮਤ ਦਾ ਕੰਮ ਕਰਦਾ ਹੈ। ਉਹ ਪਤਨੀ ਪਲਵਿੰਦਰ ਕੌਰ ਪਿੰਕੀ ਨਾਲ ਦੁਕਾਨ ਦੀ ਛੱਤ ’ਤੇ ਰਹਿੰਦਾ ਹੈ। ਉੱਥੇ ਕੁਲਵੰਤ ਨੇ ਦਾਅਵਾ ਕੀਤਾ ਕਿ ਉਹ ਸਿਰਫ਼ ਚੁੱਲ੍ਹੇ ਦੀ ਮੁਰੰਮਤ ਦਾ ਕੰਮ ਕਰਦਾ ਹੈ। ਛੋਟੇ ਸਿਲੰਡਰ ’ਚ ਗੈਸ ਭਰ ਕੇ ਨਹੀਂ ਵੇਚਦਾ। ਅਚਾਨਕ ਚਾਹ ਬਣਾਉਂਦੇ ਸਮੇਂ ਇਹ ਹਾਦਸਾ ਹੋਇਆ। ਕੰਤਾ ਨੇ ਹਾਦਸੇ ਬਾਰੇ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ।

ਐੱਸਡੀਐੱਮ ਨੇ ਕਿਹਾ, ਪੁਲਿਸ ਕਰੇ ਕਾਰਵਾਈ

ਐੱਸਡੀਐੱਮ ਰਜਨੀਸ਼ ਅਰੋੜਾ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ, ਤਾਂਕਿ ਦੋਬਾਰਾ ਅਜਿਹਾ ਹਾਦਸਾ ਨਾ ਹੋਵੇ। ਉਨ੍ਹਾਂ ਕਿਹਾ ਕਿ ਛੋਟੇ ਸਿਲੰਡਰ ’ਚ ਗੈਸ ਭਰ ਕੇ ਵੇਚਣਾ ਨਿਯਮਾਂ ਦੀ ਉਲੰਘਣਾ ਹੈ। ਇਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ।