ਲਵਪ੍ਰੀਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕੀਤਾ ਵੱਡਾ ਫੈਸਲਾ, ਕਿਹਾ- ਬੇਅੰਤ ਕੌਰ ਤੇ ਉਸ ਦੇ ਪਰਿਵਾਰ ਵਿਰੁੱਧ ਕੀਤਾ ਜਾਵੇ ਪਰਚਾ ਦਰਜ

0
2520

ਬਰਨਾਲਾ (ਕਮਲਜੀਤ ਸੰਧੂ) | ਲਵਪ੍ਰੀਤ ਦੀ ਮੌਤ ਦੇ ਮਾਮਲੇ ‘ਚ ਉਸ ਦੀ ਪਤਨੀ ਬੇਅੰਤ ਕੌਰ ਤੇ ਉਸ ਦੇ ਪਰਿਵਾਰ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਲਵਪ੍ਰੀਤ ਦੇ ਪਰਿਵਾਰ, ਪਿੰਡ ਵਾਸੀਆਂ ਤੇ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ‘ਤੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ।

ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਪਿੰਡ ਦੇ ਲੋਕਾਂ ਨੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਲਵਪ੍ਰੀਤ ਦੀ ਮੌਤ ਦੇ ਮਾਮਲੇ ‘ਚ ਪੁਲਿਸ ਜਲਦ ਤੋਂ ਜਲਦ ਬੇਅੰਤ ਕੌਰ ਤੇ ਉਸ ਦੇ ਪਰਿਵਾਰ ਵਿਰੁੱਧ ਪਰਚਾ ਦਰਜ ਕਰੇ।

ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਬਰਨਾਲਾ ਦੇ SSP ਨੂੰ ਵੀ ਕਈ ਵਾਰ ਮਿਲ ਚੁੱਕੇ ਹਾਂ। ਪੁਲਿਸ ਵੱਲੋਂ ਇਸ ਮਾਮਲੇ ‘ਚ ਲਵਪ੍ਰੀਤ ਦੇ ਬੇਅੰਤ ਨਾਲ ਵਿਆਹ ਦੇ ਸਬੂਤ ਦੇ ਤੌਰ ‘ਤੇ ਪੈਲੇਸ ਮਾਲਿਕ, ਫੋਟੋਗ੍ਰਾਫਰ, ਵੀਜ਼ਾ ਲਗਾਉਣ ਵਾਲੇ ਏਜੰਟ ਦੇ ਬਿਆਨ ਲਏ ਜਾ ਰਹੇ ਹਨ। ਜੇਕਰ ਪੁਲਿਸ ਨੇ ਇਸ ਮਾਮਲੇ ‘ਚ ਜਲਦ ਕੇਸ ਦਰਜ ਨਾ ਕੀਤਾ ਤਾਂ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕਰਨਗੇ।

ਬੇਅੰਤ ਕੌਰ ਵੱਲੋਂ ਲਵਪ੍ਰੀਤ ਦੇ 2019 ਦੇ ਸੁਸਾਈਡ ਨੋਟ ਬਾਰੇ ਉਸ ਦੇ ਚਾਚਾ ਨੇ ਕਿਹਾ ਕਿ ਲਵਪ੍ਰੀਤ ਦੇ ਵਿਆਹ ਤੋਂ ਇਕ ਮਹੀਨਾ ਬਾਅਦ ਹੀ ਬੇਅੰਤ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਈ ਸੀ। ਸੁਸਾਈਡ ਨੋਟ ਦਾ ਗਲਤ ਅਰਥ ਕੱਢਿਆ ਜਾ ਰਿਹਾ ਹੈ। ਉਸ ਸਮੇਂ ਲਵਪ੍ਰੀਤ ਦੇ ਮਰਨ ਦਾ ਕੋਈ ਇਰਾਦਾ ਨਹੀਂ ਸੀ।

ਮਨੀਸ਼ਾ ਗੁਲਾਟੀ ਦੇ ਆਉਣ ਤੋਂ ਬਾਅਦ ਕੋਈ ਕਾਰਵਾਈ ਅੱਗੇ ਵਧਣ ਸਬੰਧੀ ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ। ਉਨ੍ਹਾਂ ਲਵਪ੍ਰੀਤ ਦੀ ਬਿਮਾਰੀ ਸਬੰਧੀ ਲਗਾਏ ਆਰੋਪ ਬਾਰੇ ਕਿਹਾ ਕਿ ਲਵਪ੍ਰੀਤ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਸੀ।

ਉਨ੍ਹਾਂ ਕਿਹਾ ਕਿ ਜੇਕਰ ਬੇਅੰਤ ਕੌਰ ਨੂੰ ਲਵਪ੍ਰੀਤ ਦਾ ਕੋਈ ਫਿਕਰ ਹੁੰਦਾ ਤਾਂ ਉਹ ਉਸ ਦੀ ਮੌਤ ਤੋਂ ਬਾਅਦ ਸਾਡੇ ਪਰਿਵਾਰ ਨਾਲ ਸੰਪਰਕ ਕਰਦੀ ਤੇ ਕਹਿੰਦੀ ਕਿ ਲਵਪ੍ਰੀਤ ਅੰਤਿਮ ਸੰਸਕਾਰ ਉਸ ਦੇ ਆਉਣ ਤੋਂ ਬਾਅਦ ਕੀਤਾ ਜਾਵੇ। ਜੇਕਰ ਉਹ ਚਾਹੁੰਦੀ ਤਾਂ ਕੈਨੇਡਾ ਤੋਂ ਐਮਰਜੈਂਸੀ ਫਲਾਈਟ ਲੈ ਕੇ ਪੰਜਾਬ ਆ ਸਕਦੀ ਸੀ। ਜੇਕਰ ਪ੍ਰਸ਼ਾਸਨ ਨੇ 4 ਦਿਨਾਂ ‘ਚ ਕੋਈ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਸ਼ੁਰੂ ਕਰਾਂਗੇ।

ਇਸ ਮੌਕੇ ਪਹੁੰਚੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਲਵਪ੍ਰੀਤ ਦੇ ਮਾਮਲੇ ‘ਚ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਸ ਦੀ ਮੌਤ ਲਈ ਜ਼ਿੰਮੇਵਾਰ ਬੇਅੰਤ ਕੌਰ ਤੇ ਉਸ ਦੇ ਪਰਿਵਾਰ ਵਿਰੁੱਧ ਪਰਚਾ ਦਰਜ ਹੋਣਾ ਚਾਹੀਦਾ ਹੈ, ਜੇਕਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਸੰਘਰਸ਼ ਕਰਨਗੇ ਤੇ ਪਰਿਵਾਰ ਦਾ ਹਰ ਪੱਖੋਂ ਸਾਥ ਦੇਣਗੇ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com) 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)