ਜਲੰਧਰ, 7 ਅਗਸਤ | ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਆਪਣੀ ਵਿਦਿਆਰਥੀ ਵਿਨੇਸ਼ ਫੋਗਾਟ ਲਈ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਨੇ ਪੈਰਿਸ ਓਲੰਪਿਕ ਵਿੱਚ ਚਾਂਦੀ ਦੇ ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਲਈ ਫੰਡ ਰਾਖਵੇਂ ਰੱਖੇ ਸਨ। ਐਲਪੀਯੂ ਨੇ ਐਲਾਨ ਕੀਤਾ ਹੈ ਕਿ ਅਯੋਗ ਕਰਾਰ ਦਿੱਤੇ ਜਾਣ ਦੇ ਬਾਵਜੂਦ ਵੀ ਵਿਨੇਸ਼ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਹੋਨਹਾਰ ਪਹਿਲਵਾਨ ਅਤੇ ਐਲਪੀਯੂ ਦੀ ਵਿਦਿਆਰਥਣ ਵਿਨੇਸ਼ ਫੋਗਾਟ ਓਲੰਪਿਕ ਵਿੱਚ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ। ਹਾਲਾਂਕਿ 100 ਗ੍ਰਾਮ ਦੇ ਮਾਮੂਲੀ ਫਰਕ ਕਾਰਨ ਮੁਕਾਬਲੇ ਦੀ ਸਵੇਰ ਨੂੰ ਵਜ਼ਨ- ਦੌਰਾਨ ਉਸ ਦਾ ਭਾਰ ਜ਼ਿਆਦਾ ਪਾਇਆ ਗਿਆ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ।
ਡਾ ਅਸ਼ੋਕ ਕੁਮਾਰ ਮਿੱਤਲ, ਸੰਸਦ ਮੈਂਬਰ (ਰਾਜ ਸਭਾ) ਅਤੇ ਐਲਪੀਯੂ ਦੇ ਸੰਸਥਾਪਕ ਚਾਂਸਲਰ ਨੇ ਕਿਹਾ, “ਸਾਡੇ ਲਈ, ਵਿਨੇਸ਼ ਅਜੇ ਵੀ ਇੱਕ ਤਗਮਾ ਜੇਤੂ ਹੈ, ਉਸ ਦੇ ਸਫ਼ਰ ਦੌਰਾਨ ਉਸ ਦੇ ਸਮਰਪਣ ਅਤੇ ਹੁਨਰ ਨੂੰ ਮਾਨਤਾ ਦੇਣੀ ਚਾਹੀਦੀ ਹੈ, ਅਤੇ ਅਸੀਂ ਉਸ ਨੂੰ 25 ਲੱਖ ਰੁਪਏ ਦੇ ਇਨਾਮ ਦੇਣ ਦੀ ਘੋਸ਼ਣਾ ਕਰਦੇ ਹਾਂ। ਇਹ ਰਾਸ਼ੀ ਪ੍ਰਦਾਨ ਕਰਨ ‘ਤੇ ਮਾਣ ਹੈ, ਜੋ ਚਾਂਦੀ ਦਾ ਤਗਮਾ ਜੇਤੂਆਂ ਲਈ ਰਾਖਵੀਂ ਸੀ।”






































