ਸ਼ਰਾਬ ਘਪਲਾ : ਕੋਰਟ ਨੇ ਸੁਣਾਇਆ ਫੈਸਲਾ, ਮਨੀਸ਼ ਸਿਸੋਦੀਆ 4 ਮਾਰਚ ਤੱਕ CBI ਰਿਮਾਂਡ ‘ਤੇ

0
351

New Delhi-ਸੀਬੀਆਈ ਕੋਰਟ ਨੇ ਸ਼ਰਾਬ ਘਪਲੇ ਨਾਲ ਜੁੜੇ ਮਾਮਲੇ ਵਿਚ ਅੱਗੇ ਦੀ ਪੁੱਛਗਿਛ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੂੰ 4 ਮਾਰਚ ਤੱਕ ਲਈ 5 ਦਿਨ ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਕੋਰਟ ਨੇ ਸਿਸੋਦੀਆ ਨੂੰ 4 ਮਾਰਚ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।

ਸੀਬੀਆਈ ਨੇ ਸਿਸੋਦੀਆ ਨੂੰ ਲਗਭਗ 8 ਘੰਟੇ ਦੀ ਪੁੱਛਗਿਛ ਦੇ ਬਾਅਦ ਐਤਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਸੀ। ਸਿਸੋਦੀਆ ਦੀ ਗ੍ਰਿਫਤਾਰੀ ਦੇ ਬਾਅਦ ਦਿੱਲੀ ਦੀ ਰਾਜਨੀਤੀ ਗਰਮਾ ਗਈ ਹੈ। ਸੀਬੀਆਈ ਵੱਲੋਂ ਨਾਮਜ਼ਦ ਮਨੀਸ਼ ਸਿਸੋਦੀਆ ਤੋਂ ਇਸ ਤੋਂ ਪਹਿਲਾਂ ਪਿਛਲੇ ਸਾਲ 17 ਅਕਤੂਬਰ ਨੂੰ ਪੁੱਛਗਿਛ ਕੀਤੀ ਗਈ ਸੀ। ਇਸ ਦੇ ਇਕ ਮਹੀਨੇ ਬਾਅਦ ਪਿਛਲੇ ਸਾਲ 25 ਨਵੰਬਰ ਨੂੰ ਏਜੰਸੀ ਨੇ ਆਪਣੀ ਚਾਰਜਸ਼ੀਟ ਦਾਖਲ ਕੀਤੀ ਸੀ। ਸੀਬੀਆਈ ਨੇ ਚਾਰਜਸ਼ੀਟ ਵਿਚ ਸਿਸੋਦੀਆ ਨੂੰ ਨਾਮਜ਼ਦ ਨਹੀਂ ਕੀਤਾ ਸੀ ਕਿਉਂਕਿ ਉਦੋਂ ਜਾਂਚ ਏਜੰਸੀ ਨੇ ਉਨ੍ਹਾਂ ਦੇ ਹੋਰ ਸ਼ੱਕੀਆਂ ਤੇ ਮੁਲਜ਼ਮਾਂ ਖਿਲਾਫ ਜਾਂਚ ਖੁੱਲ੍ਹੀ ਰੱਖੀ ਸੀ।

ਦੱਸ ਦੇਈਏ ਕਿ ਸਿਸੋਦੀਆ ਨੂੰ 2021-22 ਲਈ ਸ਼ਰਾਬ ਨੀਤੀ ਦੇ ਵੱਖ-ਵੱਖ ਪਹਿਲੂਆਂ ‘ਤੇ ਲਗਭਗ 8 ਘੰਟੇ ਦੀ ਪੁੱਛਗਿਛ ਦੇ ਬਾਅਦ ਐਤਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆਹੈ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਆਬਕਾਰੀ ਨੀਤੀ ਤਿਆਰ ਕਰਨ ਤੇ ਇਸ ਨੂੰ ਲਾਗੂ ਕਰਨ ਦੋਵਾਂ ਵਿਚ ਬੇਨਿਯਮੀਆਂ ਸਨ ਤੇ ਉਸ ਦਾ ਮਕਸਦ ਆਮ ਆਦਮੀ ਪਾਰਟੀ ਨਾਲ ਜੁੜੇ ਲੋਕਾਂ ਨੂੰ ਕਥਿਤ ਤੌਰ ‘ਤੇ ਫਾਇਦਾ ਪਹੁੰਚਾਉਣਾ ਸੀ।

ਸੀਬੀਆਈ ਦੇ ਅਧਿਕਾਰੀ ਸਿਸੋਦੀਆ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸੀ ਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਿਸੋਦੀਆ ਜਾਂਚ ਵਿਚ ਸਹਿਯੋਗ ਨਹੀਂ ਦੇ ਰਹੇ ਸਨ ਜਿਸ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੀਬੀਆਈ ਨੇ ਕਿਹਾ ਕਿ ਸਿਸੋਦੀਆ ਨੇ ਸਵਾਲਾਂ ਨੂੰ ਟਾਲਣ ਵਾਲੇ ਜਵਾਬ ਦਿੱਤੇ ਤੇ ਸਬੂਤ ਦਿਖਾਏ ਜਾਣ ਦੇ ਬਾਅਦ ਵੀ ਉਨ੍ਹਾਂ ਨੇ ਜਾਂਚ ਵਿਚ ਸਹਿਯੋਗ ਨਹੀਂ ਕੀਤਾ, ਇਸ ਲਈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।