ਮਹਿਜ਼ ਤਿੰਨ ਸੌ ਰੁਪਏ ਦਿਹਾੜੀ ਲਈ ਦਾਅ ’ਤੇ ਜ਼ਿੰਦਗੀ; ਰੱਸੀ ਹੱਥੋਂ ਛੁੱਟੀ ਤਾਂ ਮੌਤ ਪੱਕੀ, ਆਜ਼ਾਦੀ ਦੇ ਐਨੇ ਸਾਲਾਂ ਪਿੱਛੋਂ ਵੀ ਸੁਰੱਖਿਆ ਰੱਬ ਆਸਰੇ

0
2079

ਸੰਗਰੂਰ| ਲੱਕ ਨਾਲ ਰੱਸੀ ਬੰਨ੍ਹ ਕੇ ਭਾਖੜਾ ਨਹਿਰ ਦੇ ਕੰਢਿਆਂ ਦੀ ਸਫ਼ਾਈ ਕਰਨ ਵਿਚ ਲੱਗੀਆਂ ਮਹਿਲਾ ਮਜ਼ਦੂਰਾਂ ਦੀ ਜ਼ਿੰਦਗੀ ਨਹਿਰ ਦੇ ਕੰਢੇ ’ਤੇ ਖੜ੍ਹੇ ਸਾਥੀ ਦੇ ਹੱਥ ਵਿਚ ਹੈ। ਜੇ ਰੱਸੀ ਹੱਥੋਂ ਨਿਕਲੀ ਤਾਂ ਪਲ ਭਰ ਵਿਚ ਜ਼ਿੰਦਗੀ ਖ਼ਤਮ ਹੋ ਸਕਦੀ ਹੈ।

ਤਿੰਨ ਸੌ ਰੁਪਏ ਦਿਹਾੜੀ ਲਈ ਮਹਿਲਾ ਮਨਰੇਗਾ ਮਜ਼ਦੂਰਾਂ ਭਾਖੜਾ ਨਹਿਰ ਦੇ ਕੰਢਿਆਂ ਦੀ ਸਫ਼ਾਈ ਕਰ ਰਹੀਆਂ ਹਨ ਪਰ ਇਨ੍ਹਾਂ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਹੈ। ਸੜਕ ਤੋਂ ਲਗਪਗ ਦਸ-ਪੰਦਰਾਂ ਫੁੱਟ ਥੱਲੇ ਉੱਤਰ ਕੇ ਰੋਜ਼ਾਨਾ ਇਹ ਔਰਤਾਂ ਕੰਢਿਆਂ ’ਤੇ ਉੱਗੇ ਘਾਹ, ਪੌਦਿਆਂ ਦੀ ਸਫ਼ਾਈ ਕਰਦੀਆਂ ਹਨ।

23 ਜੂਨ ਨੂੰ ਇਸ ਜਗ੍ਹਾ ਹਰੀਗੜ੍ਹ ਗੇਹਲਾਂ ਪਿੰਡ ਨੂੰ ਜਾਂਦੇ ਸਮੇਂ ਭਾਖੜਾ ਨਹਿਰ ’ਚ ਡਿੱਗ ਜਾਣ ਕਾਰਨ ਤਿੰਨ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ ਸੀ ਪਰ ਇਸ ਭਿਆਨਕ ਹਾਦਸੇ ਤੋਂ ਸਰਕਾਰ ਜਾਂ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ ਅਤੇ ਹਾਲੇ ਵੀ ਮਨਰੇਗਾ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਦਾਅ ’ਤੇ ਲਗਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮੌਨਸੂਨ ਦੇ ਸੀਜ਼ਨ ਦੇ ਮੱਦੇਨਜ਼ਰ ਘੱਗਰ ਦਰਿਆ ਤੇ ਭਾਖੜਾ ਨਹਿਰ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ। ਮਨਰੇਗਾ ਮਜ਼ਦੂਰਾਂ ਨੂੰ ਕੰਢਿਆਂ ਦੀ ਸਾਫ਼-ਸਫ਼ਾਈ ਲਈ ਲਗਾਇਆ ਗਿਆ ਹੈ। ਖਨੌਰੀ ਨੇੜੇ ਮਹਾਸਿੰਘ ਵਾਲਾ ਪਿੰਡ ਦੀਆਂ ਮਹਿਲਾ ਮਨਰੇਗਾ ਮਜ਼ਦੂਰਾਂ ਨੂੰ ਭਾਖੜਾ ਨਹਿਰ ਦੇ ਕੰਢੇ ਸਾਫ਼ ਕਰਨ ਦਾ ਕੰਮ ਦਿੱਤਾ ਗਿਆ ਹੈ।

25 ਔਰਤਾਂ ਦਾ ਦਲ ਹੇਠਾਂ ਉੱਤਰ ਕੇ ਇਨ੍ਹਾਂ ਕੰਢਿਆਂ ਦੀ ਸਫ਼ਾਈ ਕਰ ਰਿਹਾ ਹੈ ਪਰ ਇਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ। ਪਿਛਲੇ ਦਿਨੀਂ ਹੋਏ ਹਾਦਸੇ ਤੋਂ ਬਾਅਦ ਖ਼ਤਰੇ ਨੂੰ ਭਾਂਪਦੇ ਹੋਏ ਮਹਿਲਾ ਮਜ਼ਦੂਰਾਂ ਨੇ ਹੁਣ ਆਪਣੀ ਸੁਰੱਖਿਆ ਖ਼ਾਤਿਰ ਆਪਣੇ ਲੱਕ ਦੁਆਲੇ ਰੱਸੀ ਬੰਨ੍ਹ ਲਈ ਹੈ ਅਤੇ ਕੰਢੇ ਉੱਪਰ ਇਕ ਸਾਥੀ ਰੱਸੀ ਨੂੰ ਫੜ ਕੇ ਰੱਖਦਾ ਹੈ ਤਾਂ ਜੇ ਕਦੇ ਪੈਰ ਤਿਲਕੇ ਤਾਂ ਨਹਿਰ ਵਿਚ ਡਿੱਗਣ ਤੋਂ ਮਜ਼ਦੂਰ ਨੂੰ ਬਚਾਇਆ ਜਾ ਸਕੇ।

ਮਹਿਲਾ ਮਜ਼ਦੂਰ ਸੰਦੀਪ ਕੌਰ, ਲੀਲਾ ਦੇਵੀ, ਕਸ਼ਮੀਰੋ ਦੇਵੀ ਨੇ ਕਿਹਾ ਕਿ ਇਥੇ ਉਹ ਰੋਜ਼ਾਨਾ ਕੰਮ ਕਰਦੀਆਂ ਹਨ ਅਤੇ ਅਕਸਰ ਕੰਮ ਕਰਦੇ ਸਮੇਂ ਪੈਰ ਤਿਲਕਣ ਨਾਲ ਨਹਿਰ ਵਿਚ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਹਨ ਤੇ ਉਨ੍ਹਾਂ ਨੂੰ ਕੇਵਲ ਰੱਸੀ ਹੀ ਦਿੱਤੀ ਗਈ ਹੈ, ਜਿਸ ਨੂੰ ਫੜ ਕੇ ਮਜ਼ਦੂਰ ਸਫ਼ਾਈ ਕਰਦੇ ਹਨ।

ਅਜਿਹੇ ’ਚ ਅੱਧੀਆਂ ਔਰਤਾਂ ਕੰਮ ਕਰਦੀਆਂ ਹਨ ਤੇ ਅੱਧੀਆਂ ਉੱਪਰ ਰੱਸੀ ਨੂੰ ਫੜ ਕੇ ਰੱਖਦੀਆਂ ਹਨ ਤਾਂ ਜੋ ਕੋਈ ਸਾਥੀ ਨਹਿਰ ਵਿਚ ਨਾ ਡਿੱਗ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਤਿੰਨ ਸੌ ਰੁਪਏ ਦਿਹਾੜੀ ਲਈ ਉਨ੍ਹਾਂ ਨੂੰ ਆਪਣੀ ਜਾਨ ਜੋਖਮ ਵਿਚ ਪਾਉਣੀ ਪੈ ਰਹੀ ਹੈ। ਕਈ ਵਾਰ ਉੱਚ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੀਆਂ ਹਨ ਕਿ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਪਰ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਕੰਮ ਤੋਂ ਹਟਾਉਣ ਦੀ ਧਮਕੀ ਦਿੱਤੀ ਜਾਂਦੀ ਹੈ। ਇਸ ਕਾਰਨ ਰੋਜ਼ੀ-ਰੋਟੀ ਲਈ ਹਰ ਹਾਲਾਤ ਵਿਚ ਕੰਮ ਕਰਨਾ ਮਜਬੂਰੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ