ਬੱਚੀ ਦੇ ਪਿਤਾ, ਦਾਦਾ-ਦਾਦੀ ਤੇ ਚਾਚੇ ‘ਤੇ ਪਰਚਾ : ਪੁੱਤ ਦੀ ਲਾਲਸਾ ’ਚ 7 ਮਹੀਨੇ ਦੀ ਧੀ ਨੂੰ ਜ਼ਹਿਰ ਦੇਣ ਦਾ ਮਾਮਲਾ

0
764

ਅੰਮ੍ਰਿਤਸਰ| ਫ਼ੌਜੀ ਪਿਤਾ ਨੇ ਪੁੱਤਰ ਦੀ ਇੱਛਾ ‘ਚ ਆਪਣੀ 7 ਮਹੀਨੇ ਦੀ ਬੱਚੀ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਮਾਂ ਨੇ ਬੱਚੀ ਨੂੰ ਗੰਭੀਰ ਹਾਲਤ ‘ਚ ਤੁਰੰਤ ਹਸਪਤਾਲ ‘ਚ ਭਰਤੀ ਕਰਵਾ ਕੇ ਉਸ ਦੀ ਜਾਨ ਬਚਾਈ। ਪੁਲਿਸ ਨੇ ਇਸ ਮਾਮਲੇ ‘ਚ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਲੜਕੀ ਦੇ ਪਿਤਾ ਕੁਲਦੀਪ ਸਿੰਘ, ਦਾਦਾ ਬਲਵਿੰਦਰ ਸਿੰਘ, ਦਾਦੀ ਰਾਜਵਿੰਦਰ ਕੌਰ ਅਤੇ ਚਾਚਾ ਗੁਰਦੀਪ ਸਿੰਘ ਵਾਸੀ ਪਿੰਡ ਮੱਕੇਵਾਲ ਰਮਦਾਸ ਵਜੋਂ ਹੋਈ ਹੈ।

ਪੀੜਤ ਜਗਰੂਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2017 ਵਿਚ ਕੁਲਦੀਪ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ ਫੌਜ਼ ਵਿਚ ਹੈ ਅਤੇ ਹੁਣ ਉਹ ਦਿੱਲੀ ਵਿਚ ਹੈ। ਸਾਲ 2018 ਵਿਚ ਉਨ੍ਹਾਂ ਦੀ ਇੱਕ ਧੀ ਹੋਈ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। 2019 ਵਿਚ ਉਸ ਦੀ ਇੱਕ ਹੋਰ ਧੀ ਹੋਈ, ਜੋ ਹੁਣ 4 ਸਾਲ ਦੀ ਹੈ।
ਜਦੋਂ ਉਹ ਤੀਸਰੀ ਵਾਰ ਦੁਬਾਰਾ ਗਰਭਵਤੀ ਹੋਈ ਤਾਂ ਉਸ ਦੇ ਪਤੀ ਨੇ ਪ੍ਰੈਗਨੈਂਸੀ ਟੈਸਟ ਕਰਵਾ ਕੇ ਬੇਟੀ ਦਾ ਗਰਭਪਾਤ ਕਰਵਾ ਦਿੱਤਾ। ਸੱਤ ਮਹੀਨੇ ਪਹਿਲਾਂ ਚੌਥੀ ਵਾਰ ਧੀ ਸਹਿਜਪ੍ਰੀਤ ਕੌਰ ਨੇ ਜਨਮ ਲਿਆ। ਉਸ ਦਾ ਪਤੀ, ਸੱਸ ਅਤੇ ਸਹੁਰਾ ਉਸ ਨੂੰ ਪੁੱਤਰ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਸਨ।

ਉਸ ਦਾ ਪਤੀ ਉਸ ਨੂੰ ਦਿੱਲੀ ਤੋਂ ਫ਼ੋਨ ‘ਤੇ ਛੱਡਣ ਦੀ ਧਮਕੀ ਦਿੰਦਾ ਸੀ। 28 ਅਪ੍ਰੈਲ ਨੂੰ ਸਵੇਰੇ 10 ਵਜੇ ਦੇ ਕਰੀਬ ਲੜਕੀ ਆਪਣੇ ਸਹੁਰੇ ਕੋਲ ਸੀ ਅਤੇ ਉਸਦੇ ਪਤੀ ਦੇ ਕਹਿਣ ‘ਤੇ ਸਹੁਰੇ ਨੇ 7 ਮਹੀਨਿਆਂ ਦੀ ਲੜਕੀ ਨੂੰ ਜ਼ਹਿਰੀਲੀ ਚੀਜ਼ ਖੁਆ ਦਿੱਤੀ। ਉਸ ਦੀ ਬੱਚੀ ਨੂੰ ਉਲਟੀਆਂ ਆਉਣ ਲੱਗੀਆਂ।

ਉਸ ਦੀ ਸਿਹਤ ਵਿਗੜਨ ਲੱਗੀ। ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਲੜਕੀ ਨੂੰ ਦੋ ਦਿਨਾਂ ਤੱਕ ਦਾਖਲ ਕਰਵਾਇਆ ਗਿਆ। ਬੱਚੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਨਾਲ ਉਸ ਦੀ ਜਾਨ ਬਚ ਗਈ।

ਜਿਸ ਨੂੰ ਡਾਕਟਰਾਂ ਨੇ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਹੈ। ਜਾਂਚ ਅਧਿਕਾਰੀ ਥਾਣਾ ਰਮਦਾਸ ਦੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਗਈ। ਸਾਰੇ ਫਰਾਰ ਹਨ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।