ਮੋਹਾਲੀ | ਕੌਮੀ ਇਨਸਾਫ਼ ਮੋਰਚੇ ’ਚ ਖ਼ੂਨੀ ਝੜਪ ਮਾਮਲੇ ’ਚ ਨਿਹੰਗ ਮੇਲਾ ਸਿੰਘ ਸਣੇ 11 ਵਿਅਕਤੀਆਂ ‘ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੋਹਾਲੀ ’ਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਨਿਹੰਗ ਸਿੰਘਾਂ ਦੇ 2 ਧੜਿਆਂ ਦਰਮਿਆਨ ਖ਼ੂਨੀ ਝੜਪ ਹੋ ਗਈ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਇਕ ਦੂਜੇ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਇਕ ਨਿਹੰਗ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ।
ਪੁਲਿਸ ਅਨੁਸਾਰ ਨਿਹੰਗ ਸਿੰਘਾਂ ਦੇ ਇਨ੍ਹਾਂ ਦੋਵਾਂ ਧੜਿਆਂ ’ਚ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਝਗੜਾ ਬਾਅਦ ’ਚ ਖ਼ੂਨੀ ਝੜਪ ’ਚ ਤਬਦੀਲ ਹੋ ਗਿਆ। ਦੋਵਾਂ ਧੜਿਆਂ ਦੇ ਮੈਂਬਰਾਂ ਨੇ ਤਲਵਾਰਾਂ ਵੀ ਕੱਢ ਲਈਆਂ। ਜਿੱਥੇ ਇਸ ਦੌਰਾਨ ਨਿਹੰਗ ਬੱਬਰ ਸਿੰਘ ਚੰਡੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਲਹੂ-ਲੁਹਾਨ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਬੱਬਰ ਸਿੰਘ ਸੜਕ ’ਤੇ ਜ਼ਖ਼ਮੀ ਹੋ ਕੇ ਡਿੱਗ ਪਿਆ। ਉਧਰ ਕਾਫ਼ੀ ਖ਼ੂਨ ਨਿਕਲਦਾ ਦੇਖ ਕੇ ਬੱਬਰ ਸਿੰਘ ਨੂੰ ਮੋਹਾਲੀ ਦੇ ਫੇਜ਼-6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਅਨੁਸਾਰ ਉਸ ਦੇ ਗੁੱਟ ’ਤੇ ਕਾਫ਼ੀ ਗੰਭੀਰ ਸੱਟ ਲੱਗੀ ਹੈ ਪਰ ਹੱਥ ਕੱਟੇ ਜਾਣ ਤੋਂ ਬਚਾਅ ਹੋ ਗਿਆ। ਨਿਹੰਗਾਂ ਦੀ ਖ਼ੂਨੀ ਝੜਪ ਤੇ ਚੀਕ-ਚਿਹਾੜਾ ਸੁਣ ਕੇ ਜਿੱਥੇ ਆਸ-ਪਾਸ ਦੇ ਲੋਕਾਂ ’ਚ ਤਰਥੱਲੀ ਮਚ ਗਈ ਉਥੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ।
ਤਲਵਾਰ ਦੇ ਹਮਲੇ ’ਚ ਨਿਹੰਗ ਸਿੰਘ ਦੇ ਗੁੱਟ ’ਤੇ ਡੂੰਘਾ ਜ਼ਖ਼ਮ ਹੋ ਗਿਆ। ਉਸ ਨੂੰ ਗੰਭੀਰ ਹਾਲਤ ’ਚ ਚੰਡੀਗੜ੍ਹ ਦੇ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਜ਼ਖ਼ਮੀ ਨਿਹੰਗ ਸਿੰਘ ਦੀ ਪਛਾਣ ਬੱਬਰ ਸਿੰਘ ਚੰਡੀ ਦੇ ਰੂਪ ’ਚ ਹੋਈ ਹੈ। ਝੜਪ ਤੇ ਹੰਗਾਮੇ ਪਿੱਛੋਂ ਐਤਵਾਰ ਨੂੰ ਵੀ ਧਰਨਾ ਲੱਗਾ। ਮੋਰਚੇ ’ਚ ਸਥਿਤੀ ਸ਼ਾਂਤ ਬਣੀ ਹੋਈ ਸੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੋਰਚੇ ’ਚ ਜਦੋਂ ਦੋਵਾਂ ਧੜਿਆਂ ਦੇ ਨਿਹੰਗਾਂ ’ਚ ਮਾਰਕੁੱਟ ਹੋ ਰਹੀ ਸੀ ਤਾਂ ਕਾਫ਼ੀ ਗਿਣਤੀ ’ਚ ਲੋਕ ਇਕੱਤਰ ਹੋ ਗਏ। ਲੋਕਾਂ ਨੇ ਦੋਵਾਂ ਧੜਿਆਂ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ ਤੇ ਲੜਦੇ ਰਹੇ। ਮੋਰਚੇ ਦੇ ਮੈਂਬਰ ਵੀ ਮੌਕੇ ’ਤੇ ਪੁੱਜੇ। ਇਸ ਝਗੜੇ ’ਚ ਕੌਣ-ਕੌਣ ਸ਼ਾਮਲ ਸਨ, ਇਸ ਗੱਲ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਮੌਕੇ ’ਤੇ ਪੁੱਜ ਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।