ਰੋਪੜ, 28 ਅਕਤੂਬਰ | ਰੋਪੜ ਦੇ ਇਕ ਵਕੀਲ ਤੇ ਉਸਦੇ ਪਰਿਵਾਰ ਵੱਲੋਂ ਆਪਣੀ ਬਜ਼ੁਰਗ ਵਿਧਵਾ ਮਾਤਾ ਨਾਲ ਅਣਮਨੁੱਖੀ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਕਾਨੂੰਨੀ ਮਦਦ ਨਾਲ ਪੁਲਿਸ ਅਤੇ ਮਨੁੱਖਤਾ ਦੀ ਸੇਵਾ ਸੰਸਥਾ ਨੇ ਇਸ ਬਜ਼ੁਰਗ ਨੂੰ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਤੇ ਪੁਲਿਸ ਵੱਲੋਂ ਇਸ ਕਲਯੁਗੀ ਪੁੱਤਰ ਉਤੇ ਕਾਰਵਾਈ ਕੀਤੀ ਗਈ ਹੈ। ਰੋਪੜ ਦੇ ਵਕੀਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਰੋਪੜ ਬਾਰ ਐਸੋਸੀਏਸ਼ਨ ਨੇ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ।
ਰੋਪੜ ਦੇ ਪੋਸ਼ ਇਲਾਕੇ ਗਿਆਨੀ ਜੈਲ ਸਿੰਘ ਨਗਰ ਦੇ ਵਕੀਲ ਅੰਕੁਰ ਵਰਮਾ ਤੇ ਉਸਦੀ ਪਤਨੀ ਅਤੇ ਨਾਬਾਲਗ ਬੇਟੇ ਵੱਲੋਂ ਬਜ਼ੁਰਗ ਵਿਧਵਾ ਮਾਂ ਨਾਲ ਤਸ਼ੱਦਦ ਕੀਤਾ ਗਿਆ। 73 ਸਾਲਾ ਸੇਵਾ-ਮੁਕਤ ਇਸ ਬਜ਼ੁਰਗ ਵਿਧਵਾ ਪ੍ਰੋਫੈਸਰ ਆਸ਼ਾ ਰਾਣੀ ਨਾਲ ਕੁੱਟਮਾਰ ਹੋਣ ਦਾ ਸ਼ੱਕ ਹੋਇਆ ਤਾਂ ਦੀਪਸ਼ਿਖਾ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਤੇ ਇਸ ਵਿਚ ਮਾਰ-ਕੁੱਟ ਦੀਆਂ ਤਸਵੀਰਾਂ ਕੈਦ ਹੋ ਗਈਆਂ। ਇਸ ਘਟਨਾਕ੍ਰਮ ਦੀ ਸਾਰੀ ਜਾਣਕਾਰੀ ਜਦੋਂ ਧੀ ਦੀਪਸ਼ਿਖਾ ਨੇ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਦਿੱਤੀ ਤਾਂ ਇਸ ਸੰਸਥਾ ਨੇ ਸਥਾਨਕ ਪ੍ਰਸ਼ਾਸਨ ਦਾ ਸਾਥ ਲੈ ਕੇ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਇਸ ਬਜ਼ੁਰਗ ਮਹਿਲਾ ਨੂੰ ਪੁੱਤਰ ਦੇ ਪਰਿਵਾਰ ਦੇ ਚੁੰਗਲ ਵਿਚੋਂ ਛੁਡਵਾਇਆ ਤੇ ਹਸਪਤਾਲ ਵਿਚ ਦਾਖਲ ਕਰਵਾਇਆ। ਜਿਥੇ ਡਾਕਟਰਾਂ ਵੱਲੋਂ ਇਸ ਬਜ਼ੁਰਗ ਦਾ ਇਲਾਜ ਕੀਤੀ ਗਿਆ ਹੈ।
ਉਹ ਜ਼ੇਰੇ ਇਲਾਜ ਹੈ।