Lawrence interview : ਬਠਿੰਡਾ ਜੇਲ੍ਹ ਪ੍ਰਸ਼ਾਸਨ ਨੇ ਕਿਹਾ- ਗੈਂਗਸਟਰ ਦਾ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਜੇਲ੍ਹ ਦਾ ਨਹੀਂ

0
1138

ਬਠਿੰਡਾ: ਜੇਲ੍ਹ ਅੰਦਰੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਪ੍ਰਸਾਰਣ ਤੋਂ ਬਾਅਦ ਮੰਗਲਵਾਰ ਨੂੰ ਬਠਿੰਡਾ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕੀਤਾ ਹੈ। ਬਠਿੰਡਾ ਜੇਲ੍ਹ ਦੇ ਸੁਪਰਡੈਂਟ ਐਨਡੀ ਨੇਗੀ ਨੇ ਸਪੱਸ਼ਟ ਕੀਤਾ ਕਿ ਗੈਂਗਸਟਰ ਦਾ ਨਿੱਜੀ ਨਿਊਜ਼ ਚੈਨਲ ਨੂੰ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਜੇਲ੍ਹ ਦਾ ਨਹੀਂ ਹੈ।

ਇਸ ਤੋਂ ਇਲਾਵਾ ਆਈਜੀ ਜੇਲ੍ਹ ਆਰ.ਕੇ. ਅਰੋੜਾ ਨੇ ਦੱਸਿਆ ਕਿ “ਇਹ ਅਫਵਾਹਾਂ ਫੈਲ ਰਹੀਆਂ ਹਨ ਕਿ ਇੰਟਰਵਿਊ ਬਠਿੰਡਾ ਜੇਲ੍ਹ ਦੇ ਅੰਦਰੋਂ ਰਿਕਾਰਡ ਕੀਤੀ ਗਈ ਸੀ, ਇਹ ਅਫਵਾਹਾਂ ਬੇਬੁਨਿਆਦ ਹਨ ਅਤੇ ਇਹ ਵੀਡਿਓ ਨਾ ਤਾਂ ਬਠਿੰਡਾ ਜੇਲ੍ਹ ਦੀ ਹੈ, ਜਿੱਥੇ ਇਹ ਕੈਦੀ ਇਸ ਸਮੇਂ ਬੰਦ ਹੈ ਨਾ ਹੀ ਪੰਜਾਬ ਦੇ ਕਿਸੇ ਹੋਰ ਜੇਲ੍ਹ ਦੀ ਹੈ।”

ਉਨ੍ਹਾਂ ਅੱਗੇ ਕਿਹਾ ਕਿ ਇਹ ਹੋਰ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਕੈਦੀ ਇਸ ਸਮੇਂ ਬਠਿੰਡਾ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ਵਿੱਚ ਬੰਦ ਹੈ, ਜਿੱਥੇ ਉਸ ਦੀਆਂ ਗਤੀਵਿਧੀਆਂ ‘ਤੇ 24 ਘੰਟੇ ਸਖ਼ਤ ਨਿਗਰਾਨੀ ਰੱਖੀ ਜਾਂਦੀ ਹੈ। ਆਰ.ਕੇ. ਅਰੋੜਾ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਜੇਲ੍ਹ ਪ੍ਰਸ਼ਾਸਨ ਦੇ ਅਕਸ ਨੂੰ ਖ਼ਰਾਬ ਕਰਨ ਵਾਲੀਆਂ ਝੂਠੀਆਂ ਖ਼ਬਰਾਂ ਫੈਲਾਉਂਦਾ ਫੜਿਆ ਗਿਆ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਉਧਰ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ‘ਆਪ’ ਨੇ ਆਪਣੀ ਮਿਲੀਭੁਗਤ ਤੋਂ ਧਿਆਨ ਹਟਾਉਣ ਲਈ ਗੈਂਗਸਟਰ ਦੀ ਇੰਟਰਵਿਊ ਦੀ ਸਹੂਲਤ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਗੈਂਗਸਟਰ ਲਾਰੈਂਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਭਗਵੰਤ ਮਾਨ ਦੇ ਸੂਬੇ ਦੀ ਜੇਲ੍ਹ ਵਿੱਚੋਂ ਗਠਜੋੜ ਦਾ ਪਰਦਾਫਾਸ਼ ਕਰ ਦਿੱਤਾ ਹੈ।