ਫਰੀਦਕੋਟ ਰੰਗਦਾਰੀ ਕੇਸ ‘ਚੋਂ ਲਾਰੈਂਸ ਬਿਸ਼ਨੋਈ ਬਰੀ, ਕੱਪੜਾ ਕਾਰੋਬਾਰੀ ਤੋਂ ਫੋਨ ‘ਤੇ ਮੰਗੇ ਸੀ 50 ਲੱਖ

0
168

ਫਰੀਦਕੋਟ, 29 ਜਨਵਰੀ | ਜੇਐਮਆਈਸੀ ਐਸ ਸੋਹੀ ਦੀ ਅਦਾਲਤ ਨੇ ਕੋਟਕਪੂਰਾ ਦੇ ਇੱਕ ਟੈਕਸਟਾਈਲ ਕਾਰੋਬਾਰੀ ਤੋਂ ਵਟਸਐਪ ਕਾਲ ਰਾਹੀਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ, ਜਦਕਿ ਇਸ ਮਾਮਲੇ ਵਿਚ ਉਸ ਦਾ ਕਰੀਬੀ ਸਾਥੀ ਗੋਲਡੀ ਬਰਾੜ ਭਗੌੜਾ ਹੈ।

ਕੋਟਕਪੂਰਾ ਦੇ ਇੱਕ ਕੱਪੜਾ ਵਪਾਰੀ ਦੀ ਸ਼ਿਕਾਇਤ ‘ਤੇ 19 ਜੁਲਾਈ 2021 ਨੂੰ ਕੋਟਕਪੂਰਾ ਥਾਣੇ ਵਿਚ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ ਗੋਲਡੀ ਬਰਾੜ ਵੱਲੋਂ ਕਾਰੋਬਾਰੀ ਤੋਂ ਬਿਸ਼ਨੋਈ ਦੇ ਨਾਂ ‘ਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਮੰਗਾਂ ਨਾ ਮੰਨਣ ‘ਤੇ ਵਪਾਰੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।

ਕੇਸ ਦਰਜ ਹੋਣ ਤੋਂ ਬਾਅਦ ਸਾਲ 2022 ਵਿਚ ਜਦੋਂ ਲਾਰੈਂਸ ਬਿਸ਼ਨੋਈ ਨੂੰ ਇੱਕ ਕੇਸ ਦੇ ਸਿਲਸਿਲੇ ਵਿਚ ਪੰਜਾਬ ਲਿਆਂਦਾ ਗਿਆ ਸੀ ਤਾਂ ਫ਼ਰੀਦਕੋਟ ਪੁਲਿਸ ਨੇ ਵੀ ਇਸ ਮਾਮਲੇ ਵਿਚ ਲਾਰੈਂਸ ਨੂੰ ਗ੍ਰਿਫ਼ਤਾਰ ਕਰ ਕੇ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਸੀ। ਬਾਅਦ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਉਸ ਦੀ ਪੇਸ਼ੀ ਜਾਰੀ ਰਹੀ।

ਇਸ ਸਬੰਧੀ ਲਾਰੈਂਸ ਬਿਸ਼ਨੋਈ ਦੇ ਵਕੀਲ ਅਮਿਤ ਮਿੱਤਲ ਨੇ ਕਿਹਾ ਕਿ ਇਸ ਮਾਮਲੇ ਵਿਚ ਅਦਾਲਤ ਨੇ ਸਾਡੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਲਾਰੈਂਸ ਬਿਸ਼ਨੋਈ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਹੈ।