ਪੰਜਾਬ ‘ਚ ਮੁਹਾਲੀ ਦੇ ਜਗਤਪੁਰਾ ਤੋਂ ਡਰੋਨਾਂ ਰਾਹੀਂ ਸੈਨੀਟਾਈਜੇਸ਼ਨ ਮੁਹਿੰਮ ਦੀ ਸ਼ੁਰੂਆਤ

0
990

ਚੰਡੀਗੜ. ਇੱਕ ਵਿਲੱਖਣ ਪਹਿਲਕਦਮੀ ਤਹਿਤ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਦੇ ਪਿੰਡ ਜਗਤਪੁਰਾ ਤੋਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਹਾਜ਼ਰੀ ਵਿੱਚ ਡ੍ਰੋਨਾਂ ਰਾਹੀਂ ਸੈਨੀਟਾਈਜੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਜਲਦੀ ਹੀ ਪੂਰੇ ਸੂਬੇ ਵਿੱਚ ਚਲਾਈ ਜਾਏਗੀ।

ਜਗਤਪੁਰਾ ਤੋਂ ਬਾਅਦ ਇਹ ਮੁਹਿੰਮ ਬਡਮਾਜਰਾ ਵਿਚ ਗ੍ਰੀਨ ਐਨਕਲੇਵ, ਜੁਝਾਰ ਨਗਰ, ਅਤੇ ਬਲੌਂਗੀ ਵਿਚ ਚਲਾਈ ਗਈ। ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਡਰੋਨ ਇਸ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੰਘਣੀ ਆਬਾਦੀ ਵਾਲੇ, ਭੀੜ ਵਾਲੇ ਖੇਤਰਾਂ ਖਾਸ ਕਰਕੇ ਝੁੱਗੀਆਂ-ਝੌਂਪੜੀਆਂ ਦੀ ਸੈਨੀਟਾਈਜੇਸ਼ਨ ਸਰਕਾਰ ਦੀ ਮੁੱਖ ਤਰਜੀਹ ਹੈ।

ਡਰੋਨਾਂ ਰਾਹੀਂ ਸੈਨੀਟਾਈਜੇਸ਼ਨ ਕਰਨ ਨਾਲ ਦੋਹਰੇ ਉਦੇਸ਼ ਪੂਰੇ ਹੋਣਗੇ ਜਿਸ ਵਿਚ ਕੋਰੋਨਾ ਵਾਇਰਸ ਬਿਮਾਰੀ ਨੂੰ ਠੱਲ ਪਏਗੀ ਅਤੇ ਡੇਂਗੂ ਤੋਂ ਬਚਾਅ ਹੋ ਜਾਵੇਗਾ। ਮੰਤਰੀ ਨੇ ਅੱਗੇ ਦੱਸਿਆ ਕਿ ਡਰੋਨ ਦੀਆਂ ਸੇਵਾਵਾਂ ਗਾਰੂਡਾ ਏਅਰਸਪੇਸ ਦੁਆਰਾ ਦਿੱਤੀਆਂ ਗਈਆਂ ਹਨ।

ਡਰੋਨ ਦੇ ਤਕਨੀਕੀ ਪੱਖਾਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਇਕ ਵਾਰ ਜਦੋਂ ਸਮੱਗਰੀ ਲੋਡ ਹੋ ਜਾਂਦੀ ਹੈ, ਤਾਂ ਇਸ ਵਿਚ 10 ਲੀਟਰ ਸੈਨੇਟਾਈਜ਼ਰ ਲੈਜਾਣ ਦੀ ਸਮਰੱਥਾ ਹੁੰਦੀ ਹੈ ਅਤੇ ਇਹ 15 ਮੀਟਰ ਦੀ ਉਚਾਈ ‘ਤੇ ਉੱਡ ਸਕਦਾ ਹੈ। ਇਹ ਇਕ ਵਾਰ 20 ਫੁੱਟ ਵਿਆਸ ਨੂੰ ਕਵਰ ਕਰ ਸਕਦਾ ਹੈ। ਇਹ 10 ਮਿੰਟਾਂ ਵਿੱਚ 6 ਏਕੜ ਖੇਤਰ ਨੂੰ ਰੋਗਾਣੂ-ਮੁਕਤ ਕਰ ਸਕਦਾ ਹੈ।


ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਕੋਰੋਨਾ ਵਿਸ਼ਾਣੂ ਨਾਲ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਲੜ ਰਿਹਾ ਹੈ ਪਰ ਸਾਨੂੰ ਅਜੇ ਪੂਰੀ ਸਾਵਧਾਨੀ ਵਰਤਣੀ ਪਵੇਗੀ ਅਤੇ ਅਸੀਂ ਤਦ ਤੱਕ ਲੜਾਂਗੇ ਜਦੋਂ ਤੱਕ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਜਿੱਤ ਨਹੀਂ ਲੈਂਦੇ ।