ਰੂਪਨਗਰ, 20 ਨਵੰਬਰ | 18 ਨਵੰਬਰ ਦੀ ਰਾਤ ਨੂੰ ਪਾਕਿਸਤਾਨ ਵਿਖੇ ਸ੍ਰੀ ਕਰਤਾਪੁਰ ਸਾਹਿਬ ਗੁਰਦੁਆਰਾ ਸਾਹਿਬ ਕੰਪਲੈਕਸ ਨੇੜੇ ਹੋਈ ਸ਼ਰਾਬ ਤੇ ਨਾਨ-ਵੈੱਜ ਪਾਰਟੀ ਦਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸਖ਼ਤ ਨੋਟਿਸ ਲਿਆ ਹੈ। ਲਾਲਪੁਰਾ ਨੇ ਵਿਦੇਸ਼ ਮੰਤਰਾਲੇ ਨੂੰ ਇਕ ਪੱਤਰ ਲਿਖ ਕੇ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਦੋਸ਼ੀ ਅਫ਼ਸਰਾਂ ਤੇ ਹੋਰਨਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਤਾਕੀਦ ਕੀਤੀ ਹੈ।
ਲਾਲਪੁਰਾ ਨੇ ਦੱਸਿਆ ਕਿ ਬੀਤੀ ਰਾਤ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਅੰਦਰ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਮਾਸ-ਮੱਛੀ ਦੇ ਨਾਲ-ਨਾਲ ਸ਼ਰਾਬ ਵੀ ਪਰੋਸੀ ਗਈ। ਇਹ ਵੀ ਪਤਾ ਲੱਗਾ ਹੈ ਕਿ ਇਸ ਪਾਰਟੀ ਵਿਚ ਕਥਿਤ ਤੌਰ ’ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਵੀ ਸ਼ਾਮਲ ਸਨ। ਹੋਰ ਤਾਂ ਹੋਰ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਅੰਬੈਸਡਰ ਰਹੇ ਰਮੇਸ਼ ਸਿੰਘ ਅਰੋੜਾ ਵੀ ਇਸ ਪਾਰਟੀ ਵਿਚ ਮੌਜੂਦ ਸਨ, ਜਿਸ ਕਰਕੇ ਸੰਗਤਾਂ ਦੇ ਮਨਾਂ ਵਿਚ ਰੋਸ ਬਹੁਤ ਜ਼ਿਆਦਾ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਪਹਿਲਾਂ ਵੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ ਪਰ ਹੁਣ ਤਾਂ ਹੱਦ ਹੀ ਹੋ ਗਈ ਕਿਉਂਕਿ ਇਸ ਬੇਅਦਬੀ ਵਿਚ ਪਾਕਿਸਤਾਨ ਦੇ ਅਫ਼ਸਰ ਵੀ ਸ਼ਾਮਲ ਸਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਪਾਰਟੀ ਵਿਚ ਪਾਕਿਸਤਾਨ ਦੀ ਪ੍ਰਾਜੈਕਟ ਪ੍ਰਬੰਧਨ ਇਕਾਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮੁਹੰਮਦ ਅਬੂ ਬਕਰ ਆਫ਼ਤਾਬ ਕੁਰੈਸ਼ੀ ਸਮੇਤ ਜ਼ਿਲ੍ਹਾ ਨਾਰੋਵਾਲ ਦੇ ਡੀਸੀ ਮੁਹੰਮਦ ਸ਼ਾਹਰੁੱਖ, ਪੁਲਿਸ ਅਧਿਕਾਰੀਆਂ ਸਮੇਤ ਕੁਲ 80 ਤੋਂ ਵੱਧ ਲੋਕ ਸ਼ਾਮਲ ਸਨ।