ਜਲੰਧਰ, 12 ਅਕਤੂਬਰ | ਕੁੱਲ੍ਹੜ ਪੀਜ਼ਾ ਕਪਲ ਇੱਕ ਵਾਰ ਫਿਰ ਸੁਰਖੀਆਂ ਵਿਚ ਹੈ। ਦਰਅਸਲ ਇਸ ਜੋੜੇ ਨੂੰ ਬੁੱਢਾ ਦਲ ਦੇ ਨਿਹੰਗ ਸਿੰਘਾਂ ਵੱਲੋਂ ਚੇਤਾਵਨੀ ਦਿੱਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਸ ਵੱਲੋਂ ਦਸਤਾਰ ਸਜਾ ਕੇ ਪੋਸਟ ਕੀਤੀ ਗਈ ਅਸ਼ਲੀਲ ਵੀਡੀਓ ਨੂੰ ਡਿਲੀਟ ਨਾ ਕੀਤਾ ਗਿਆ ਤਾਂ ਉਹ ਦੁਬਾਰਾ ਉਸ ਦੇ ਰੈਸਟੋਰੈਂਟ ਦੇ ਬਾਹਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਦੇਣਗੇ। ਸਿੱਖਾਂ ਬਾਰੇ ਚੰਗਾ ਸੁਨੇਹਾ ਸਮਾਜ ਵਿਚ ਭੇਜਿਆ ਜਾਵੇ ਨਾ ਕਿ ਕੋਈ ਅਸ਼ਲੀਲ ਸੁਨੇਹਾ।
ਦੱਸ ਦੇਈਏ ਕਿ ਹਾਲ ਹੀ ‘ਚ ਨਿਹੰਗ ਸਿੰਘ ਉਸ ਦੇ ਰੈਸਟੋਰੈਂਟ ਦੇ ਬਾਹਰ ਹੜਤਾਲ ‘ਤੇ ਬੈਠੇ ਸਨ। ਨਿਹੰਗ ਸਿੰਘਾਂ ਨੇ ਦੋਸ਼ ਲਾਇਆ ਸੀ ਕਿ ਕੁੱਲ੍ਹੜ ਪੀਜ਼ਾ ਜੋੜੇ ਦੇ ਸਹਿਜ ਅਰੋੜਾ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦਾ ਬੱਚਿਆਂ ‘ਤੇ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਸਹਿਜ ਅਰੋੜਾ ਦਸਤਾਰ ਪਹਿਨ ਕੇ ਸਾਰੀਆਂ ਵੀਡੀਓ ਬਣਾਉਂਦਾ ਹੈ, ਜੋ ਕਿ ਧਾਰਮਿਕ ਤੌਰ ‘ਤੇ ਗਲਤ ਹੈ। ਥਾਣਾ 4 ਦੇ ਐਸ.ਐਚ.ਓ. ਹਰਦੇਵ ਸਿੰਘ ਨੇ ਦੱਸਿਆ ਕਿ ਬੁੱਢਾ ਦਲ ਦੇ ਨਿਹੰਗ ਮਾਨ ਸਿੰਘ ਆਪਣੇ ਦੋਸਤਾਂ ਨਾਲ ਪੁੱਜੇ ਅਤੇ ਰੈਸਟੋਰੈਂਟ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਨਿਹੰਗਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਸਹਿਜ ਅਰੋੜਾ ਦੀਆਂ ਸਾਰੀਆਂ ਵੀਡੀਓਜ਼ ਨੂੰ ਡਿਲੀਟ ਕੀਤਾ ਜਾਵੇ ਕਿਉਂਕਿ ਉਹ ਜਿਹੜੇ ਕੱਪੜੇ ਪਾ ਕੇ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਪੋਸਟ ਕਰਦਾ ਹੈ, ਉਹ ਸਰਾਸਰ ਗਲਤ ਹੈ। ਨਿਹੰਗ ਮਾਨ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਕਿ ਸਹਿਜ ਅਰੋੜਾ ਖ਼ਿਲਾਫ਼ ਜਲਦੀ ਕੇਸ ਦਰਜ ਕੀਤਾ ਜਾਵੇ।