ਖਰੜ, 18 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਗਰ ਕੌਂਸਲ ਖਰੜ ਦੇ ਵਾਰਡ ਨੰਬਰ 3 ਵਿਚ ਸਥਿਤ ਸ਼ਿਵਜੋਤ ਇਨਕਲੇਵ ਕਾਲੋਨੀ ਦੇ ਇਕ ਫ਼ਲੈਟ ਵਿਚ ਕਿਰਾਏ ’ਤੇ ਰਹਿੰਦੇ ਇਕ ਨੌਜਵਾਨ ਨੇ ਜਾਨ ਦੇ ਦਿੱਤੀ। ਮ੍ਰਿਤਕ ਦੇ ਇਕ ਰਿਸ਼ਤੇਦਾਰ ਗੁਲਫ਼ਾਮ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਪੁੱਤ ਰਿਆਜ਼ ਖ਼ਾਨ 23 ਸਾਲ ਵਾਸੀ ਮਨੀਮਾਜਰਾ ਫ਼ਲੈਟ ਵਿਚ ਇਕ ਲੜਕੀ ਨਾਲ ਕਿਰਾਏ ’ਤੇ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ ਫ਼ੋਨ ਆਇਆ ਕਿ ਰਿਆਜ਼ ਨੇ ਆਪਣੇ ਕਮਰੇ ਵਿਚ ਜਾਨ ਦੇ ਦਿੱਤੀ ਹੈ।
ਮ੍ਰਿਤਕ 10ਵੀਂ ਪਾਸ ਸੀ ਅਤੇ ਇਸ ਸਮੇਂ ਵਿਹਲਾ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਇਕ ਛੋਟਾ ਭਰਾ ਵੀ ਹੈ ਜੋ ਪੜ੍ਹਦਾ ਹੈ ਅਤੇ ਪਿਤਾ ਦਿਹਾੜੀਦਾਰ ਹਨ। ਇਸ ਮਾਮਲੇ ਬਾਰੇ ਫ਼ਲੈਟ ਮਾਲਕਣ ਕਿਰਨ ਪਤਨੀ ਸਰਬਜੀਤ ਸਿੰਘ ਨੇ ਦੱਸਿਆ ਕਿ ਰਾਜੂ ਨੇ ਇਹ ਕਮਰਾ ਕੁਝ ਦਿਨ ਪਹਿਲਾਂ ਹੀ ਕਿਰਾਏ ’ਤੇ ਲਿਆ ਸੀ, ਜਿਸ ਦੀ ਉਨ੍ਹਾਂ ਪੁਲਿਸ ਵੈਰੀਫ਼ਿਕੇਸ਼ਨ ਕਰਵਾਉਣ ਲਈ ਦਸਤਾਵੇਜ਼ ਮੰਗੇ ਸਨ ਪਰ ਉਸ ਨੇ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਰਾਜੂ ਕੱਲ ਰਾਤ ਨੂੰ ਹੀ ਆਪਣੇ ਘਰ ਤੋਂ ਵਾਪਸ ਆਇਆ ਸੀ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਥਾਣਾ ਸਿਟੀ ਖਰੜ ਤੋਂ ਐਸ.ਆਈ. ਦਿਲਬਾਗ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਜਿਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਅਤੇ ਮ੍ਰਿਤਕ ਦੇ ਵਾਰਸ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।







































