ਖੰਨਾ, 25 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਨੇ ਜਾਨ ਦੇ ਦਿੱਤੀ। ਪਤਨੀ ਨੇ ਸ਼ਰਾਬ ਪੀ ਕੇ ਘਰ ਆਉਣ ਉਤੇ ਪਤੀ ਨੂੰ ਸਿਰਫ਼ ਸ਼ਰਾਬ ਨਾ ਪੀਣ ਲਈ ਕਿਹਾ ਤਾਂ ਗੁੱਸੇ ਵਿਚ ਆਏ ਪਤੀ ਨੇ ਫਲਾਈਓਵਰ ਤੋਂ ਛਾਲ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਪ੍ਰਵੀਨ ਕੁਮਾਰ ਸ਼ਰਮਾ 36 ਸਾਲ ਵਾਸੀ ਆਜ਼ਾਦ ਨਗਰ ਖੰਨਾ ਵਜੋਂ ਹੋਈ ਹੈ। ਉਹ ਚਿੱਤਰਕਾਰ ਸੀ। ਆਪਣੇ ਪਿੱਛੇ ਪਤਨੀ ਅਤੇ 2 ਮਾਸੂਮ ਬੱਚੇ ਛੱਡ ਗਿਆ ਹੈ।
ਜਾਣਕਾਰੀ ਅਨੁਸਾਰ ਪ੍ਰਵੀਨ ਕੁਮਾਰ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਘਰ ਵਿਚ ਲੜਾਈ-ਝਗੜੇ ਹੁੰਦੇ ਰਹਿੰਦੇ ਸਨ। ਬੀਤੀ ਰਾਤ ਪ੍ਰਵੀਨ ਸ਼ਰਾਬ ਪੀ ਕੇ ਘਰ ਚਲਾ ਗਿਆ। ਪਤਨੀ ਨੇ ਬਸ ਇੰਨਾ ਹੀ ਕਿਹਾ ਕਿ ਸ਼ਰਾਬ ਨਾ ਪੀਆ ਕਰੋ। ਇਸ ਗੱਲ ਨੂੰ ਲੈ ਕੇ ਪ੍ਰਵੀਨ ਨੂੰ ਗੁੱਸਾ ਆ ਗਿਆ। ਘਰ ‘ਚ ਕਲੇਸ਼ ਕਰਨ ਤੋਂ ਬਾਅਦ ਉਹ ਹੀ ਬਾਹਰ ਚਲਾ ਗਿਆ।
ਪ੍ਰਵੀਨ ਕੁਮਾਰ ਨੇ ਲਲਹੇੜੀ ਰੋਡ ਦੇ 40 ਫੁੱਟ ਉਚੇ ਪੁਲ ਤੋਂ ਛਾਲ ਮਾਰ ਦਿੱਤੀ। ਹੇਠਾਂ ਰੇਲਵੇ ਲਾਈਨ ਹੈ। ਪ੍ਰਵੀਨ ਦਾ ਸਿਰ ਰੇਲਵੇ ਲਾਈਨ ਨਾਲ ਟਕਰਾ ਗਿਆ ਅਤੇ ਮੌਕੇ ‘ਤੇ ਹੀ ਮੌਤ ਹੋ ਗਈ। ਰਾਤ ਨੂੰ ਜਦੋਂ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ ਤਾਂ ਪੁਲ ‘ਤੇ ਭੀੜ ਦੇਖ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਪ੍ਰਵੀਨ ਨੇ ਜਾਨ ਦੇ ਦਿੱਤੀ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ 174 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਗਈ ਹੈ।