ਖੰਨਾ : ਕਰਵਾਚੌਥ ਵਾਲੇ ਦਿਨ ਉਜੜਿਆ ਪਤਨੀ ਦਾ ਸੁਹਾਗ, ਪੌੜੀ ‘ਤੇ ਚੜ੍ਹਦਿਆਂ ਪੈਰ ਫਿਸਲਣ ਨਾਲ ਡਿਗਿਆ, ਮੌਤ

0
411

ਖੰਨਾ, 2 ਨਵੰਬਰ| ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਪਹਿਲਾਂ ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ ਹੋ ਗਈ। ਖੁਸ਼ੀਆਂ ਦਾ ਮਾਹੌਲ ਗਮੀ ‘ਚ ਤਬਦੀਲ ਹੋ ਗਿਆ। ਇੱਕ ਸੁਹਾਗਣ ਨੇ ਆਪਣਾ ਸੁਹਾਗ ਗੁਆ ਲਿਆ। ਉਹ ਸੁਹਾਗ ਜਿਸਦੇ ਲਈ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਭੁੱਖੀ ਬੈਠੀ ਰਹੀ। ਜਦੋਂ ਚੰਨ ਨੂੰ ਦੇਖ ਕੇ ਪਤੀ ਕੋਲੋਂ ਪਾਣੀ ਪੀ ਕੇ ਵਰਤ ਖੋਲ੍ਹਣਾ ਸੀ ਤਾਂ ਉਸ ਸਮੇਂ ਪਤੀ ਦੀ ਮੌਤ ਹੋ ਗਈ। ਜਦੋਂ ਪਤੀ ਛੱਤ ਉਪਰ ਚੰਨ ਦੇਖ ਰਿਹਾ ਸੀ ਤਾਂ ਪੈਰ ਫਿਸਲਣ ਨਾਲ ਥੱਲੇ ਡਿੱਗ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ।

ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਵਿਖੇ ਇਹ ਘਟਨਾ ਵਾਪਰੀ। 42 ਸਾਲਾਂ ਦਾ ਲਖਵਿੰਦਰ ਰਾਮ ਜੋਕਿ ਮੂਲ ਰੂਪ ਤੋਂ ਬਿਹਾਰ ਦਾ ਵਸਨੀਕ ਸੀ ਅਤੇ ਖੰਨਾ ਵਿਖੇ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਅੰਦਰ ਰਹਿੰਦਾ ਸੀ। ਪਤਨੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ। ਚੰਨ ਨਿਕਲਣ ਦਾ ਸਮਾਂ ਸੀ।

ਇਸੇ ਦੌਰਾਨ ਸਮੂਹ ਪਰਿਵਾਰ ਮਕਾਨ ਦੀ ਛੱਤ ਉਪਰ ਉਡੀਕ ਕਰ ਰਿਹਾ ਸੀ। ਲਖਵਿੰਦਰ ਰਾਮ ਵੀ ਆਸਮਾਨ ਵੱਲ ਨਜ਼ਰਾਂ ਟਿਕਾ ਕੇ ਚੰਨ ਦੇ ਨਿਕਲਣ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਚੰਨ ਨਿਕਲੇ ਅਤੇ ਉਹ ਆਪਣੀ ਪਤਨੀ ਦਾ ਵਰਤ ਖੁੱਲ੍ਹਵਾਏ।

ਗੱਲਾਂ ਕਰਦੇ ਕਰਦੇ ਲਖਵਿੰਦਰ ਰਾਮ ਛੱਤ ਤੋਂ ਥੱਲੇ ਆ ਡਿੱਗਿਆ। ਬਿਨਾਂ ਕਿਸੇ ਦੇਰੀ ਤੋਂ ਲਖਵਿੰਦਰ ਰਾਮ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨਿਆ।

ਸਰਕਾਰੀ ਹਸਪਤਾਲ ਵਿਖੇ ਰਾਜ ਨੇ ਦੱਸਿਆ ਕਿ ਲਖਵਿੰਦਰ ਰਾਮ ਪਰਿਵਾਰ ਸਮੇਤ ਛੱਤ ਉਪਰ ਸੀ ਤਾਂ ਇਸੇ ਦੌਰਾਨ ਪੈਰ ਫਿਸਲ ਗਿਆ ਅਤੇ ਥੱਲੇ ਡਿੱਗ ਗਿਆ। ਜਿਸਦੀ ਮੌਤ ਹੋ ਗਈ। ਲਖਵਿੰਦਰ ਰਾਮ ਆਪਣੀ ਪਤਨੀ ਦਾ ਵਰਤ ਖੁੱਲ੍ਹਵਾਉਣ ਲਈ ਛੱਤ ਉਪਰ ਚੰਨ ਦੇਖ ਰਿਹਾ ਸੀ, ਇਸ ਦੌਰਾਨ ਘਟਨਾ ਵਾਪਰੀ।

ਉਥੇ ਹੀ ਦੂਜੇ ਪਾਸੇ ਲਖਵਿੰਦਰ ਰਾਮ ਦੀ ਮੌਤ ਮਗਰੋਂ ਪਰਿਵਾਰ ਅੰਦਰ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਉਸਦੇ ਪਿਤਾ ਲੱਕੜੀ ਦੀ ਪੌੜੀ ਰਾਹੀਂ ਛੱਤ ‘ਤੇ ਜਾ ਕੇ ਚੰਨ ਦੇਖ ਰਹੇ ਸੀ ਤਾਂ ਅਚਾਨਕ ਆਖਰੀ ਡੰਡੇ ਤੋਂ ਪੈਰ ਸਲਿੱਪ ਹੋ ਗਿਆ ਅਤੇ ਉਸਦੇ ਪਿਤਾ ਥੱਲੇ ਆ ਡਿੱਗੇ। ਜਿਸ ਨਾਲ ਮੌਤ ਹੋ ਗਈ।

ਪਰਿਵਾਰ ‘ਚ ਕਮਾਉਣ ਵਾਲੇ ਉਹ ਇਕੱਲੇ ਹੀ ਸੀ। ਵਾਰਡ ਦੇ ਕੌਂਸਲਰ ਸੁਰਿੰਦਰ ਕੁਮਾਰ ਬਾਵਾ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਇਹ ਮੰਦਭਾਗੀ ਘਟਨਾ ਵਾਪਰੀ ਹੈ। ਇੱਕ ਗਰੀਬ ਪਰਿਵਾਰ ਦਾ ਮੁਖੀਆ ਲਖਵਿੰਦਰ ਰਾਮ ਸੰਸਾਰ ਤੋਂ ਚਲਾ ਗਿਆ।