ਖੰਨਾ : 40 ਲੱਖ ਲਗਾ ਕੇ ਕੈਨੇਡਾ ਭੇਜੀ ਨੂੰਹ ਨੇ ਵਿਦੇਸ਼ ‘ਚ ਕਰਵਾਇਆ ਦੂਜਾ ਵਿਆਹ, ਸਹੁਰਿਆਂ ਨਾਲ ਮਾਰੀ ਠੱਗੀ

0
649

ਖੰਨਾ, 7 ਅਕਤੂਬਰ | ਖੰਨਾ ‘ਚ ਇਕ ਸਹੁਰੇ ਪਰਿਵਾਰ ਵੱਲੋਂ 40 ਲੱਖ ਰੁਪਏ ਲਗਾ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਗਿਆ ਪਰ ਬਾਅਦ ‘ਚ ਨੂੰਹ ਨੂੰ ਅਜਿਹਾ ਵਿਦੇਸ਼ੀ ਰੰਗ ਚੜ੍ਹਿਆ ਕਿ ਉਹ ਆਪਣੇ ਪਤੀ ਨੂੰ ਹੀ ਭੁੱਲ ਗਈ ਤੇ ਉਥੇ ਇਕ ਐੱਨ. ਆਰ. ਆਈ. ਨਾਲ ਦੋਸਤੀ ਕਰ ਲਈ। ਇਸ ਮਾਮਲੇ ‘ਚ ਖੰਨਾ ਦੇ ਮਲੌਦ ਥਾਣੇ ‘ਚ ਕੈਨੇਡਾ ਬੈਠੀ ਨੂੰਹ ਗਗਨਦੀਪ ਕੌਰ, ਉਸ ਦੇ ਪਿਤਾ ਰਵਿੰਦਰ ਸਿੰਘ ਅਤੇ ਮਾਂ ਬਲਜਿੰਦਰ ਕੌਰ ਵਾਸੀ ਮਾਲੇਰਕੋਟਲਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਵਾਸੀ ਪਿੰਡ ਲਹਿਲ ਦੇ ਪੁੱਤਰ ਗੁਰਸਿਮਰਨ ਸਿੰਘ ਦਾ ਵਿਆਹ ਸਾਲ 2020 ‘ਚ ਰਵਿੰਦਰ ਸਿੰਘ ਵਾਸੀ ਮਾਲੇਰਕੋਟਲਾ ਦੀ ਧੀ ਗਗਨਦੀਪ ਕੌਰ ਨਾਲ ਹੋਇਆ ਸੀ। ਇਸ ਤੋਂ ਬਾਅਦ ਸਹੁਰੇ ਪਰਿਵਾਰ ਨੇ ਗਗਨਦੀਪ ਕੌਰ ਨੂੰ ਕੈਨੇਡਾ ਭੇਜਣ ਲਈ ਕਰੀਬ 40 ਲੱਖ ਰੁਪਏ ਖ਼ਰਚ ਕੀਤੇ। ਕੈਨੇਡਾ ਜਾਣ ਦੇ ਕੁਝ ਸਮੇਂ ਬਾਅਦ ਗਗਨਦੀਪ ਕੌਰ ਦਾ ਰਵੱਈਆ ਬਦਲ ਗਿਆ ਤੇ ਨੰਬਰ ਬਲਾਕ ਕਰ ਦਿੱਤੇ।

ਇਕ ਸਮੈਸਟਰ ਪੂਰਾ ਹੋਣ ਤੋਂ ਬਾਅਦ ਜਦੋਂ ਸਹੁਰੇ ਪਰਿਵਾਰ ਵਾਲਿਆਂ ਨੇ ਗਗਨਦੀਪ ਨੂੰ ਕਿਹਾ ਕਿ ਉਹ ਗੁਰਸਿਮਰਨ ਸਿੰਘ ਨੂੰ ਸਪਾਊਸ ਵੀਜ਼ੇ ‘ਤੇ ਬੁਲਾ ਲਵੇ ਤਾਂ ਉਹ ਟਾਲ-ਮਟੋਲ ਕਰਨ ਲੱਗੀ ਫਿਰ ਪਰਿਵਾਰ ਨੂੰ ਪਤਾ ਲੱਗਾ ਕਿ ਵਿਦੇਸ਼ ‘ਚ ਗਗਨਦੀਪ ਨੇ ਇਕ ਐੱਨ. ਆਰ. ਆਈ. ਨਾਲ ਸਬੰਧ ਬਣਾ ਲਏ ਹਨ।

ਸਬੂਤ ਉਨ੍ਹਾਂ ਨੇ ਗਗਨਦੀਪ ਦੇ ਪਰਿਵਾਰ ਨੂੰ ਵੀ ਦਿਖਾਏ ਪਰ ਉਨ੍ਹਾਂ ਕੋਈ ਗੱਲ ਨਾ ਸੁਣੀ ਅਤੇ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 29 ਅਕਤੂਬਰ, 2022 ਨੂੰ ਪੰਚਾਇਤਾ ਰਾਜ਼ੀਨਾਮਾ ਹੋ ਗਿਆ ਪਰ ਰਾਜ਼ੀਨਾਮੇ ਦੀਆਂ ਸ਼ਰਤਾਂ ‘ਤੇ ਗਗਨਦੀਪ ਅਤੇ ਉਸ ਦਾ ਪਰਿਵਾਰ ਖ਼ਰਾ ਨਾ ਉਤਰਿਆ। ਇਸ ਤਰ੍ਹਾਂ ਗਗਨਦੀਪ ਅਤੇ ਉਸ ਦੇ ਪਰਿਵਾਰ ਨੇ ਉਕਤ ਪਰਿਵਾਰ ਨਾਲ ਕੁੱਲ 40 ਲੱਖ ਰੁਪਏ ਦੀ ਠੱਗੀ ਮਾਰ ਲਈ। ਫਿਲਹਾਲ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।