ਖਾਲਿਸਤਾਨੀ ਸਮਰਥਕਾਂ ਨੂੰ ਪਾਕਿਸਤਾਨ ਤੇ ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ – CM ਮਾਨ

0
680

ਚੰਡੀਗੜ੍ਹ | ਅੰਮ੍ਰਿਤਪਾਲ ਸਿੰਘ ਤੇ ਸਮਰਥਕਾਂ ਵੱਲੋਂ ਅਜਨਾਲਾ ਵਿਚ ਕੀਤੇ ਹੰਗਾਮੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਨੂੰ ਪਾਕਿਸਤਾਨ ਅਤੇ ਹੋਰ ਦੇਸ਼ਾਂ ਤੋਂ ਫੰਡ ਮਿਲ ਰਹੇ ਹਨ।

CM ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਇਸ ਮੁੱਦੇ ਨੂੰ ਨਜਿੱਠਣ ਦੇ ਸਮਰੱਥ ਹੈ ਅਤੇ ਸਿਰਫ਼ ਮੁੱਠੀ ਭਰ ਲੋਕ ਹੀ ਪੰਜਾਬ ਵਿਚ ਖਾਲਿਸਤਾਨ ਪੱਖੀ ਲਹਿਰ ਦਾ ਸਮਰਥਨ ਕਰ ਰਹੇ ਹਨ। ਮਾਨ ਨੇ ਕਿਹਾ ਕਿ ਇਸ ਪਿੱਛੇ ਸਿਰਫ਼ ਮੁੱਠੀ ਭਰ ਲੋਕ ਹਨ ਅਤੇ ਉਹ ਆਪਣੀਆਂ ਦੁਕਾਨਾਂ ਪਾਕਿਸਤਾਨ ਅਤੇ ਹੋਰ ਵਿਦੇਸ਼ਾਂ ਤੋਂ ਫੰਡ ਲੈ ਕੇ ਚਲਾਉਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਅਤੀਤ ਵਿਚ ਅਜਿਹੇ ਕਾਲੇ ਦਿਨ ਵੇਖੇ ਹਨ। ਪੰਜਾਬ ਪੁਲਿਸ ਇਨ੍ਹਾਂ ਨਾਲ ਨਜਿੱਠਣ ਦੇ ਸਮਰੱਥ ਹੈ ਅਤੇ ਅਸੀਂ ਕਦੇ ਵੀ ਕਿਸੇ ਨੂੰ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨ ਦੀ ਇਜਾਜ਼ਤ ਨਹੀਂ ਦੇਵਾਂਗੇ।

CM ਮਾਨ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਦੌਲਤ ਟਾਟਾ ਸਟੀਲ ਅਤੇ ਹੋਰ ਦੇਸ਼ਾਂ ਦੀਆਂ ਇਕਾਈਆਂ ਸਮੇਤ ਬਹੁਤ ਸਾਰੇ ਉਦਯੋਗ ਆ ਰਹੇ ਹਨ। ਜੇਕਰ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੁੰਦੇ ਤਾਂ ਅੱਜ ਇਹ ਉਦਯੋਗ ਪੰਜਾਬ ਵਿਚ ਨਾ ਆਉਂਦੇ।