ਮੋਗਾ ‘ਚ 2 ਨੌਜਵਾਨਾਂ ਵਲੋਂ ਡੀਸੀ ਦਫ਼ਤਰ ਦੀ ਛੱਤ ‘ਤੇ ਲਹਿਰਾਇਆ ਖ਼ਾਲਿਸਤਾਨ ਦਾ ਝੰਡਾ

0
4712

ਮੋਗਾ . ਆਜ਼ਾਦੀ ਦਿਹਾੜੇ ਤੋਂ ਸਿਰਫ਼ ਇਕ ਦਿਨ ਪਹਿਲਾਂ ਮੋਗਾ-ਫਿਰੋਜ਼ਪੁਰ ਰੋਡ ‘ਤੇ ਡੀਸੀ ਦਫ਼ਤਰ ਉਪਰ ਲੱਗੇ ਰਾਸ਼ਟਰੀ ਤਰੰਗੇ ਝੰਡੇ ਨੂੰ ਦੋ ਅਣਪਛਾਤੇ ਸਿੱਖ ਨੌਜਵਾਨਾਂ ਵਲੋਂ ਉਤਾਰ ਕੇ ਖ਼ਾਲਿਸਤਾਨ ਦਾ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਅੱਜ ਸਵੇਰੇ 8 ਕੁ ਵਜੇ ਦੇ ਕਰੀਬ ਆਏ ਦੋ ਨੌਜਵਾਨਾਂ ਨੇ ਰਾਸ਼ਟਰੀ ਝੰਡੇ ਉਤਾਰ ਕੇ ਖ਼ਾਲਿਸਤਾਨੀ ਝੰਡਾ ਲਹਿਰਾਇਆ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੌਜਵਾਨਾਂ ਵਲੋਂ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ ਗਏ।

ਜ਼ਿਕਰਯੋਗ ਹੈ ਕਿ ਡੀਸੀ ਦਫ਼ਤਰ ਦੇ ਨਜ਼ਦੀਕ ਹੀ ਐੱਸਐੱਸਪੀ ਦਫ਼ਤਰ ਵੀ ਹੈ ਜਿੱਥੇ ਹਰ ਵਕਤ ਪੁਲਿਸ ਤਾਇਨਾਤ ਰਹਿੰਦੀ ਹੈ। ਇਸ ਤਰ੍ਹਾਂ ਆਜ਼ਾਦੀ ਦਿਵਸ ਮੌਕੇ ਪੁਲਿਸ ਦੇ ਕੀਤੇ ਪ੍ਰਬੰਧਾਂ ‘ਤੇ ਵੀ ਸਵਾਲੀਆ ਨਿਸ਼ਾਨ ਲੱਗਾ ਹੈ ਕਿ ਪੁਲਿਸ ਤਾਇਨਾਤ ਹੋਣ ਦੇ ਬਾਵਜੂਦ ਅਜਿਹੀ ਘਟਨਾ ਕਿਵੇਂ ਵਾਪਰ ਗਈ।

ਪਤਾ ਕੀਤਾ ਜਾ ਰਿਹਾ ਹੈ ਕਿ ਇਸ ਸ਼ਰਾਰਤ ‘ਚ ਕਿਨ੍ਹਾਂ ਲੋਕਾਂ ਦਾ ਹੱਥ ਹੈ। ਕਾਬਿਲੇਗ਼ੌਰ ਹੈ ਕਿ ਭਾਰਤ ‘ਚ ਬਲੈਕ ਲਿਸਟ ਕੀਤੇ ਗਏ ਖ਼ਾਲਿਸਤਾਨੀ ਸਮਰਥਕ ਗੁਰਵੰਤ ਪੰਨੂ ਨੇ ਐਲਾਨ ਕੀਤਾ ਸੀ ਕਿ ਜਿਹੜੇ ਲੋਕ 15 ਅਗਸਤ ਨੂੰ ਆਪਣੇ ਘਰਾਂ ਦੀਆਂ ਛੱਤਾਂ ‘ਤੇ ਖ਼ਾਲਿਸਤਾਨੀ ਝੰਡੇ ਲਹਿਰਾਉਣਗੇ, ਉਨ੍ਹਾਂ ਨੂੰ 25 ਹਜ਼ਾਰ ਰੁਪਏ ਦੀ ਰਕਮ ਦਿੱਤੀ ਜਾਵੇਗੀ। ਪੁਲਿਸ ਸਾਰੇ ਐਂਗਲ ਤੋਂ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।