ਲੁਧਿਆਣਾ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾ ਪੰਜਾਬ ਦੌਰੇ ‘ਤੇ ਆਏ ਹੋਏ ਹਨ। ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡਾ ਮਾਸਟਰ ਸਟ੍ਰੋਕ ਖੇਡਿਆ ਹੈ।
ਦਿੱਲੀ ਦੇ ਸੀਐੱਮ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਿਹਤ ਗਾਰੰਟੀ ਦਿੰਦਿਆਂ ਕਿਹਾ ਕਿ ਮੈਂ ਪੰਜਾਬ ਦੀ ਜਨਤਾ ਨੂੰ 6 ਗਾਰੰਟੀਆਂ ਦੇਣਾ ਚਾਹੁੰਦਾ ਹੈ। ਇਹ ਸਾਰੀਆਂ ਸਿਹਤ ਸਬੰਧੀ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਦੇ ਚੰਗਾ ਇਲਾਜ ਦੇਵਾਂਗਾ।
ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਹਰ ਦਵਾਈ ਸਰਕਾਰੀ ਹਸਪਤਾਲਾਂ ‘ਚ ਮੁਫਤ ਮਿਲੇਗੀ। ਸਾਰੇ ਟੈਸਟ ਮੁਫ਼ਤ ਹੋਣਗੇ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਚੰਗੀ ਸਹੂਲਤ ਦਿੱਤੀ ਜਾਵੇਗੀ ਤੇ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ।
ਸਾਰਾ ਸਿਸਟਮ ਕੰਪਿਊਟਰਾਈਜ਼ਡ ਕੀਤਾ ਜਾਵੇਗਾ। ਸੜਕ ਹਾਦਸੇ ਵਿੱਚ ਜ਼ਖਮੀ ਨੂੰ ਕਿਸੇ ਵੀ ਹਸਪਤਾਲ ‘ਚ ਦਾਖਲ ਕਰਾਉਣ ’ਤੇ ਪੰਜਾਬ ਵਿੱਚ ‘ਆਪ’ ਸਰਕਾਰ ਆਉਣ ’ਤੇ ਮੁਫ਼ਤ ਇਲਾਜ ਕਰਵਾਇਆ ਜਾਵੇਗਾ।
ਕੇਜਰੀਵਾਲ ਦੇ ਨਾਲ ਪ੍ਰੈੱਸ ਕਾਨਫਰੰਸ ਵਿੱਚ ਭਗਵੰਤ ਮਾਨ, ਜਰਨੈਲ ਸਿੰਘ, ਕੁੰਵਰ ਵਿਜੇ ਪ੍ਰਤਾਪ, ਰਾਘਵ ਚੱਢਾ, ਗਾਇਕਾ ਅਨਮੋਲ ਗਗਨ ਮਾਨ, ਸੀਨੀਅਰ ਆਪ ਆਗੂ ਕੁਲਵੰਤ ਸਿੰਘ ਸਿੱਧੂ, ਭੋਲਾ ਗਰੇਵਾਲ ਆਦਿ ਆਗੂ ਮੌਜੂਦ ਹਨ।
ਸਹੀ ਸਮਾਂ ਆਉਣ ‘ਤੇ ਮੁੱਖ ਮੰਤਰੀ ਦੇ ਚਿਹਰੇ ਦਾ ਕਰਾਂਗਾ ਐਲਾਨ
ਇਸ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ ਕਿ ਮੈਂ ਵਾਰ-ਵਾਰ ਕਿਹਾ ਹੈ ਕਿ ਅਸੀਂ ਤੁਹਾਨੂੰ ਸਹੀ ਸਮੇਂ ‘ਤੇ ਚੰਗਾ ਮੁੱਖ ਮੰਤਰੀ ਚਿਹਰਾ ਦੇਵਾਂਗੇ। ਇਸ ਬਾਰੇ ਅਜੇ ਨਹੀਂ ਸੋਚਿਆ ਜਾ ਰਿਹਾ।
ਨਵਜੋਤ ਸਿੰਘ ਸਿੱਧੂ ਦੇ ‘ਆਪ’ ‘ਚ ਸ਼ਾਮਿਲ ਹੋਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਮਨਘੜਤ ਸਵਾਲ ਹੈ। ਸਮਾਂ ਆਉਣ ‘ਤੇ ਇਸ ਦਾ ਜਵਾਬ ਦਿੱਤਾ ਜਾਵੇਗਾ। ਦਿੱਲੀ ਦੇ ਸੀਐੱਮ ਅਨੁਸਾਰ ਸਰਕਾਰ ਬਣਨ ਤੋਂ ਬਾਅਦ ਅਸੀਂ ਸਾਰੀ ਯੋਜਨਾਬੰਦੀ ਕੀਤੀ ਹੋਈ ਹੈ। ਇਸ ਦੇ ਲਈ ਵਪਾਰੀਆਂ ਦੇ ਸਹਿਯੋਗ ਨਾਲ ਇਕ ਖਾਕਾ ਤਿਆਰ ਕੀਤਾ ਗਿਆ ਸੀ।