ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ ਕਰਤਾਰਪੁਰ ਦੀ ਉਸਾਰੀ ‘ਚ ਮਿਲੇ ਘਪਲੇ ਦੇ ਸਬੂਤ!

0
534

ਮੋਹਾਲੀ : ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ ਦੀ ਉਸਾਰੀ ਮੌਕੇ ਵੱਡੇ ਘੁਟਾਲੇ ਹੋਏ ਹਨ। ਇਹ ਜਾਣਕਾਰੀ ਵਿਜੀਲੈਂਸ ਸੂਤਰਾਂ ਵਲੋਂ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਮੈਮੋਰੀਅਲ ਦੀ ਉਸਾਰੀ ਮੌਕੇ ਵੱਡੇ ਪੱਧਰ ‘ਤੇ ਘਪਲਾ ਕੀਤਾ ਗਿਆ ਹੈ।

ਹੁਣ ਵਿਜੀਲੈਂਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸ਼ਹੀਦਾਂ ਦੇ ਨਾਮ ‘ਤੇ ਹੋਏ ਇਸ ਭ੍ਰਿਸ਼ਟਾਚਾਰ ਤੋਂ ਪਰਦਾ ਚੁੱਕਣ ਲਈ ਵਿਜੀਲੈਂਸ ਵਲੋਂ ਵਾਰ ਮੈਮੋਰੀਅਲ ਦੇ ਸਕੱਤਰ ਲਖਵਿੰਦਰ ਸਿੰਘ ਜੌਹਲ ਕੋਲੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਹੈ। ਇਹ ਪੁੱਛ ਪੜਤਾਲ ਵਿਜੀਲੈਂਸ ਬਿਊਰੋ, ਜਲੰਧਰ ਜ਼ੋਨ ਦੇ ਐਸਐਸਪੀ ਰਾਜੇਸ਼ਵਰ ਸਿੰਘ ਸਿੱਧੂ ਅਤੇ ਡੀਐਸਪੀ ਜਤਿੰਦਰਜੀਤ ਸਿੰਘ ਵਲੋਂ ਕੀਤੀ ਗਈ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਮੈਮੋਰੀਅਲ ਦੀ ਉਸਾਰੀ ਨੂੰ ਲੈ ਕੇ ਇਕ ਆਈਏਐਸ ਅਧਿਕਾਰੀ ਨੂੰ ਵੀ ਵਿਜੀਲੈਂਸ ਨੇ ਤਲਬ ਕੀਤਾ ਸੀ ਪਰ ਉਕਤ ਅਧਿਕਾਰੀ ਵਲੋਂ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਅਤੇ ਉਹ ਵਿਜੀਲੈਂਸ ਕੋਲ ਪੇਸ਼ ਨਹੀਂ ਹੋਏ ਹਨ।

ਉਧਰ ਡਾਕਟਰ ਜੌਹਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਜਾਂਚ ਅਧਿਕਾਰੀਆਂ ਵਲੋਂ ਯਾਦਗਾਰ ਦੀ ਉਸਾਰੀ ਅਤੇ ਪ੍ਰਬੰਧਕੀ ਕਮੇਟੀ ਨਾਲ ਸਬੰਧਿਤ ਕੁਝ ਸਵਾਲ ਪੁੱਛੇ ਗਏ ਸਨ ਜਿਨ੍ਹਾਂ ਦਾ ਜਵਾਬ ਉਨ੍ਹਾਂ ਨੇ ਦੇ ਦਿੱਤਾ ਹੈ।

ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੈਮੋਰੀਅਲ ਦੇ ਸੀਈਓ ਰਹੇ ਵਿਨੇ ਬੁਬਲਾਨੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਨ੍ਹਾਂ ਦਾ ਅਪ੍ਰੇਸ਼ਨ ਹੋਣ ਕਾਰਨ ਉਹ ਹਾਜ਼ਰ ਨਹੀਂ ਹੋ ਸਕੇ।