ਲੁਧਿਆਣਾ। ਲੁਧਿਆਣਾ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਰਾਟੇ ਕੋਚ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ। ਕਥਿਤ ਮੁਲਜ਼ਮਾਂ ਨੇ ਰਾਜਗੁਰੂ ਨਗਰ ‘ਚ ਕੋਚ ਦੇ ਘਰ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕੋਚ ਅਤੇ ਉਸ ਦੇ ਇਕ ਸਾਥੀ ਦੀ ਕੁੱਟਮਾਰ ਕੀਤੀ। ਅਗਵਾਕਾਰ ਕੋਚ ਨੂੰ ਆਲਟੋ ਕਾਰ ਵਿੱਚ ਬਿਠਾ ਕੇ ਅੰਮ੍ਰਿਤਸਰ ਲੈ ਗਏ। ਜਿਸ ਤੋਂ ਬਾਅਦ ਰਾਤ 11 ਵਜੇ ਵਾਪਸ ਥਾਣਾ ਸਰਾਭਾ ਨਗਰ ਲਿਆਂਦਾ ਗਿਆ।
ਅਗਵਾ ਕਰਨ ਵਾਲੇ ਨੌਜਵਾਨ ਨੇ ਦੋਸ਼ ਲਾਇਆ ਕਿ ਕਰਾਟੇ ਕੋਚ ਨੇ ਕਰੀਬ 3 ਸਾਲ ਪਹਿਲਾਂ ਉਸ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ ਉਸ ਦੀ ਮਹਿਲਾ ਦੋਸਤ ਤੋਂ ਕਰੀਬ 6 ਲੱਖ ਰੁਪਏ ਲਏ ਸਨ। ਅਮਰੀਕਾ ਨਾ ਭੇਜਣ ਕਾਰਨ ਉਸ ਨੇ ਪੈਸੇ ਵਾਪਸ ਨਹੀਂ ਕੀਤੇ। ਉਸ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਕੋਚ ਪੈਸੇ ਨਹੀਂ ਦੇ ਰਿਹਾ ਸੀ।ਕੋਚ ਦੀ ਪਤਨੀ ਸੰਗੀਤਾ ਨੇ ਪੁਲਸ ਕੰਟਰੋਲ 112 ‘ਤੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਤੀ ਪ੍ਰਕਾਸ਼ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਹੈ। ਇਸ ਤੋਂ ਬਾਅਦ ਸੰਗੀਤਾ ਸਰਾਭਾ ਨਗਰ ਥਾਣੇ ਪਹੁੰਚੀ ਅਤੇ ਥਾਣੇ ‘ਚ ਵੀ ਸ਼ਿਕਾਇਤ ਦਰਜ ਕਰਵਾਈ।
ਜਿਸ ਤੋਂ ਬਾਅਦ ਥਾਣਾ ਸਰਾਭਾ ਨਗਰ ਦੇ ਐਸ.ਐਚ.ਓ ਨੇ ਕਥਿਤ ਦੋਸ਼ੀਆਂ ਦੇ ਟਿਕਾਣੇ ਦੀ ਜਾਂਚ ਕੀਤੀ। ਜਿਸ ਔਰਤ ਨੂੰ ਅਗਵਾਕਾਰ ਲੁਧਿਆਣਾ ਤੋਂ ਆਪਣੇ ਨਾਲ ਲੈ ਕੇ ਆਏ ਸਨ, ਉਸ ਨੂੰ ਵੀ ਪੁਲਿਸ ਨੇ ਬੁਲਾ ਲਿਆ। ਮਹਿਲਾ ਕੋਚ ਦੀ ਪਤਨੀ ਨੂੰ ਜਾਣਦੀ ਸੀ।ਜਦੋਂ ਔਰਤ ਨਾਲ ਸਖ਼ਤੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਸਾਰੀ ਗੱਲ ਦੱਸ ਦਿੱਤੀ। ਅਗਵਾ ਕਰਨ ਤੋਂ ਬਾਅਦ ਅਗਵਾਕਾਰ ਪ੍ਰਕਾਸ਼ ਨੂੰ ਅੰਮ੍ਰਿਤਸਰ ਅਦਾਲਤ ਵਿਚ ਲੈ ਗਏ। ਅਦਾਲਤ ‘ਚ ਕੁਝ ਪੁਲਸ ਮੁਲਾਜ਼ਮ ਮੌਜੂਦ ਸਨ, ਜਿਨ੍ਹਾਂ ਨੂੰ ਕਥਿਤ ਦੋਸ਼ੀਆਂ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਉਸੇ ਸਮੇਂ ਰਾਤ ਕਰੀਬ 11 ਵਜੇ ਅਗਵਾਕਾਰ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਕਹਿਣ ‘ਤੇ ਕੋਚ ਪ੍ਰਕਾਸ਼ ਨੂੰ ਵਾਪਸ ਲੁਧਿਆਣਾ ਲੈ ਆਏ |