ਕਪੂਰਥਲਾ : ਚਿੱਟਾ ਤੋਲਦੀ ਲੜਕੀ ਦਾ ਵਾਇਰਲ ਵੀਡੀਓ ਮਾਮਲਾ, ਲੜਕੀ ਦਾ ਭਰਾ ਗ੍ਰਿਫ਼ਤਾਰ

0
816

ਕਪੂਰਥਲਾ| ਇਲੈਕਟ੍ਰਾਨਿਕ ਕੰਡੇ ‘ਤੇ ਚਿੱਟਾ ਤੋਲ ਕੇ ਪੁੜੀ ਬਣਾਉਣ ਵਾਲੀ ਨਾਬਾਲਗ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਕਰਦੇ ਹੋਏ ਪਿੰਡ ਬਾਦਸ਼ਾਹਪੁਰ ਦੀ ਰਹਿਣ ਵਾਲੀ ਲੜਕੀ, ਉਸ ਦੀ ਮਾਂ ਅਤੇ ਭਰਾ ਖਿਲਾਫ ਮਾਮਲਾ ਦਰਜ ਕਰਕੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਸੁਭਾਨਪੁਰ ਦੀ ਪੁਲਿਸ ਨੇ ਦੋਸ਼ੀ ਭਰਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 10 ਗ੍ਰਾਮ ਹੈਰੋਇਨ ਅਤੇ ਇਕ ਸਕੂਟਰ ਬਰਾਮਦ ਕੀਤਾ ਹੈ।

ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਭੁਲੱਥ ਭਾਰਤ ਭੂਸ਼ਨ ਨੇ ਦੱਸਿਆ ਕਿ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਲੜਕੀ ਪਿੰਡ ਬਾਦਸ਼ਾਹਪੁਰ ਦੀ ਵਸਨੀਕ ਹੈ। ਇਸ ਤੋਂ ਬਾਅਦ ਮਾਮਲੇ ‘ਚ ਲੜਕੀ, ਉਸ ਦੇ ਭਰਾ ਅਤੇ ਮਾਂ ਨੂੰ ਨਾਮਜ਼ਦ ਕੀਤਾ ਗਿਆ, ਹਾਲਾਂਕਿ ਮਾਂ-ਧੀ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਦੂਰ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਭੁਲੱਥ ਭਾਰਤ ਭੂਸ਼ਣ ਨੇ ਦੱਸਿਆ ਕਿ ਥਾਣਾ ਸੁਭਾਨਪੁਰ ਦੇ ਐਸਆਈ ਪੁਲਿਸ ਪਾਰਟੀ ਸਮੇਤ ਪਿੰਡ ਬਾਦਸ਼ਾਹਪੁਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਕਿਸੇ ਮੁਖਬਰ ਨੇ ਵਾਇਰਲ ਹੋਈ ਵੀਡੀਓ ਉਨ੍ਹਾਂ ਨੂੰ ਭੇਜ ਦਿੱਤੀ। ਜਿਸ ਵਿਚ ਇੱਕ ਮੁਟਿਆਰ ਇੱਕ ਇਲੈਕਟ੍ਰਾਨਿਕ ਕੰਡੇ ਉੱਤੇ ਨਸ਼ੇ ਦੀਆਂ ਪੁੜੀਆਂ ਬਣਾਉਂਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ ਦੇ ਆਧਾਰ ‘ਤੇ ਲੜਕੀ ਦੀ ਪਛਾਣ ਆਸ਼ਾ ਰਾਣੀ ਵਾਸੀ ਪਿੰਡ ਬਾਦਸ਼ਾਹਪੁਰ ਵਜੋਂ ਹੋਈ ਹੈ। ਜਾਂਚ ਤੋਂ ਬਾਅਦ ਥਾਣਾ ਸੁਭਾਨਪੁਰ ਪੁਲਿਸ ਨੇ ਲੜਕੀ, ਉਸ ਦੇ ਭਰਾ ਗੁਰਜੰਟ ਸਿੰਘ ਅਤੇ ਮਾਂ ਰਾਜ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।  

ਇਸ ਤੋਂ ਬਾਅਦ ਛਾਪਾ ਮਾਰ ਕੇ ਮੁਲਜ਼ਮ ਗੁਰਜੰਟ ਸਿੰਘ ਨੂੰ ਕਾਬੂ ਕਰ ਲਿਆ ਗਿਆ। ਉਸ ਕੋਲੋਂ 10 ਗ੍ਰਾਮ ਹੈਰੋਇਨ ਅਤੇ ਐਕਟਿਵਾ ਸਕੂਟੀ ਨੰਬਰ ਪੀ.ਬੀ.10ਏਡੀ-1727 ਬਰਾਮਦ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਗੁਰਜੰਟ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਪੁੱਛਗਿੱਛ ਕਰਨ ਉਪਰੰਤ ਪਤਾ ਲੱਗ ਸਕੇ ਕਿ ਉਹ ਹੈਰੋਇਨ ਕਿੱਥੋਂ ਲਿਆਉਂਦਾ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਪੁਲਿਸ ਦੋਸ਼ੀ ਮਾਂ-ਧੀ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ।