ਕਪੂਰਥਲਾ : ਸਪੇਨ ‘ਚ ਪੰਜਾਬੀ ਨੌਜਵਾਨ ਨੇ ਮੌਤ ਨੂੰ ਲਗਾਇਆ ਗਲੇ, MP ਸੰਤ ਸੀਚੇਵਾਲ ਦੇ ਯਤਨਾਂ ਨਾਲ ਮ੍ਰਿਤਕ ਦੇਹ ਪੁੱਜੀ ਭਾਰਤ

0
1549

ਕਪੂਰਥਲਾ | ਇਥੋੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਵਿਦੇਸ਼ ਗਏ ਪੰਜਾਬੀ ਨੌਜਵਾਨ ਵੱਲੋਂ ਜਾਨ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਰਾਜ ਸਭਾ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮ੍ਰਿਤਕ ਦੀ ਦੇਹ ਅੱਜ ਉਸ ਦੇ ਜੱਦੀ ਪਿੰਡ ਪਹੁੰਚੀ। ਇਹ ਮਾਮਲਾ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਤੋਂ ਸਾਹਮਣੇ ਆਇਆ ਹੈ।

ਪਿੰਡ ਦਾ ਨੌਜਵਾਨ ਅਜੇ ਕੁਮਾਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ 7 ਸਾਲ ਪਹਿਲਾਂ ਵਿਦੇਸ਼ (ਸਰਬੀਆ) ਗਿਆ ਸੀ। ਕਰੀਬ ਇਕ ਮਹੀਨਾ ਪਹਿਲਾਂ ਹੀ ਉਹ ਸਪੇਨ ਪਹੁੰਚਿਆ। ਇਸ ਦੌਰਾਨ ਅਚਾਨਕ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।

ਮੰਤਰੀ ਸੀਚੇਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣਾ ਇਕ ਚੰਗੀ ਗੱਲ ਹੈ ਪਰ ਆਪਣੀ ਅਤੇ ਆਪਣੇ ਮਾਪਿਆਂ ਦੀ ਜਿੰਦਗੀ ਬਾਰੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ, ਜੋ ਸਿਰਫ਼ ਸਾਡੀ ਆਸ ’ਤੇ ਹੀ ਜਿਊਂਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦਾ ਇਕ ਭਰਾ ਪਹਿਲਾਂ ਤੋਂ ਹੀ ਵਿਦੇਸ਼ ਵਿਚ ਰਹਿ ਰਿਹਾ ਸੀ।

ਮ੍ਰਿਤਕ ਦੇ ਮਾਮਾ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੇਟੇ ਦੀ ਦੇਹ ਮੰਗਵਾਉਣ ਲਈ ਕਈ ਰਾਹ ਅਪਣਾਏ ਪਰ ਕੋਈ ਸੁਣਵਾਈ ਨਹੀਂ ਹੋਈ। ਅਖੀਰ ਜਦੋਂ ਇਸ ਮਾਮਲੇ ਸਬੰਧੀ ਸੰਤ ਸੀਚੇਵਾਲ ਨਾਲ ਗੱਲਬਾਤ ਕੀਤੀ ਤਾਂ ਉਹ ਤੁਰੰਤ ਹੀ ਪਰਿਵਾਰ ਦੀ ਮਦਦ ਲਈ ਤਿਆਰ ਹੋ ਗਏ। ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ, ਜਿਸ ਤੋਂ ਕੁਝ ਦਿਨਾਂ ਬਾਅਦ ਹੀ ਨੌਜਵਾਨ ਦੀ ਦੇਹ ਉਸ ਦੇ ਜੱਦੀ ਪਿੰਡ ਤਲਵੰਡੀ ਚੌਧਰੀਆਂ ਵਿਖੇ ਪਹੁੰਚੀ। ਇਸ ਮੌਕੇ ਖੁਦ ਸੰਤ ਸੀਚੇਵਾਲ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਵਿਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਜਾਨ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ।