ਕਪੂਰਥਲਾ, 10 ਨਵੰਬਰ | ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਢਿੱਲਵਾਂ ਟੋਲ ਪਲਾਜ਼ਾ ਨੇੜੇ ਅੰਮ੍ਰਿਤਸਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਦਾ ਸੰਤੁਲਨ ਵਿਗੜ ਗਿਆ ਤੇ ਉਸ ਦੀ ਡਿਵਾਈਡਰ ਟੱਪ ਕੇ ਸਾਹਮਣੇ ਅੰਮ੍ਰਿਤਸਰ ਨੂੰ ਜਾ ਰਹੇ ਕੈਂਟਰ ਨਾਲ ਟੱਕਰ ਹੋ ਗਈ, ਜਿਸ ਨਾਲ ਕੈਂਟਰ ਸਵਾਰ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੂਸਰੇ ਕੈਂਟਰ ‘ਚ ਸਵਾਰ 2 ਜ਼ਖ਼ਮੀ ਵਿਅਕਤੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਇਸ ਦੌਰਾਨ ਥਾਣਾ ਮੁਖੀ ਢਿਲਵਾਂ ਬਲਬੀਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ ‘ਤੇ ਪੁੱਜੇ ਤੇ ਸੜਕ ਨੂੰ ਖਾਲ੍ਹੀ ਕਰਵਾ ਕੇ ਟ੍ਰੈਫਿਕ ਬਹਾਲ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਢਿਲਵਾਂ ਬਲਬੀਰ ਸਿੰਘ ਨੇ ਦੱਸਿਆ ਕਿ ਇਕ ਕੈਂਟਰ ਜੋ ਕਿ ਅੰਮ੍ਰਿਤਸਰ ਵੱਲੋਂ ਆ ਰਿਹਾ ਸੀ, ਜਿਸ ਨੂੰ ਮਨੀਸ਼ ਕੁਮਾਰ ਵਾਸੀ ਚੁਗਿੱਟੀ ਚਲਾ ਰਿਹਾ ਸੀ। ਉਕਤ ਜਗ੍ਹਾ ਨੇੜੇ ਸੰਤੁਲਨ ਵਿਗੜਨ ਕਾਰਨ ਡਿਵਾਈਡਰ ਪਾਰ ਕਰਕੇ ਦੂਜੇ ਪਾਸਿਓਂ ਅੰਮ੍ਰਿਤਸਰ ਨੂੰ ਜਾ ਰਹੇ ਕੈਂਟਰ ‘ਚ ਸਿੱਧੀ ਟੱਕਰ ਮਾਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ‘ਚ ਰਖਵਾ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।