ਕਪੂਰਥਲਾ : ਫਰਿੱਜ ‘ਚ ਬਲਾਸਟ, ਸਾਹ ਘੁੱਟ ਹੋਣ ਨਾਲ ਤਕਨੀਸ਼ੀਅਨ ਦੀ ਮੌਤ

0
1177

ਕਪੂਰਥਲਾ, 5 ਨਵੰਬਰ| ਕਪੂਰਥਲਾ ‘ਚ ਆਰਸੀਐਫ ਵਿਚ ਇਕ ਤਕਨੀਸ਼ੀਅਨ ਦੀ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੇ ਕੁਆਰਟਰ ਵਿਚ ਰੈਫਰੀਜੀਰੇਟਰ ਵਿਸਫੋਟ ਦੇ ਕਾਰਨ ਸਾਹ ਘੁੱਟ ਹੋਣ ਨਾਲ ਦਰਦਨਾਕ ਮੌਤ ਹੋ ਗਈ। ਗੁਆਂਢੀਆਂ ਨੇ ਸਵੇਰੇ ਧੂੰਆਂ ਤੇ ਇਕ ਬਦਬੂ ਆਉਂਦੀ ਦੇਖੀ, ਜਿਸਦੇ ਬਾਅਦ ਭੁਲਾਨਾ ਪੁਲਿਸ ਚੌਕੀ ਨੂੰ ਫੋਨ ਕਰਨਾ ਪਿਆ। ਪਹੁੰਚਣ ਉਤੇ ਅਧਿਕਾਰੀਆਂ ਨੇ ਤਕਨੀਕੀਸ਼ੀਅਨ ਨੂੰ ਬੇਹੋਸ਼ ਪਾਇਆ ਤੇ ਉਸਨੂੰ ਤੁਰੰਤ ਹਸਪਤਾਲ ਲੈ ਗਏ, ਜਿਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

36 ਸਾਲਾ ਤਕਨੀਸ਼ੀਅਨ ਦੀ ਪਛਾਣ ਰਾਜਕੁਮਾਰ ਵਜੋਂ ਹੋਈ ਹੈ। ਉਸਦੀ ਪਤਨੀ ਉਸਨੂੰ ਇਕੱਲਾ ਛੱਡ ਕੇ ਇਕ ਹਫਤਾ ਪਹਿਲਾਂ ਆਪਣੇ ਦੋ ਬੱਚਿਆਂ ਨਾਲ ਆਪਣੇ ਪੇਕੇ ਘਰ ਚਲੀ ਗਈ ਸੀ। ਵਿਸਫੋਟ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਜਾਂਚ ਅਧੀਨ ਹੈ।
ਮ੍ਰਿਤਕ ਦੀ ਪਛਾਣ 36 ਸਾਲਾ ਰਾਜ ਕੁਮਾਰ ਪੁੱਤਰ ਗੋਪੀ ਚੰਦ ਵਾਸੀ ਕੁਆਰਟਰ ਨੰ. 21118 ਈ ਟਾਈਪ ਨੇੜੇ ਆਰਸੀਐਫ ਵੈਸਟ ਕਾਲੋਨੀ ਹੁਸੈਨਪੁਰ ਥਾਣਾ ਸਦਰ ਮੂਲ ਵਾਸੀ ਪਿੰਡ ਚਬਾੜੀਆਂ ਵਾਲੀ ਨਵਾਂ ਸ਼ਹਿਰ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਕਮਲੇਸ਼ ਰਾਣੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸਦੇ ਦੋ ਬੱਚੇ 8 ਸਾਲਾ ਲੜਕੀ ਤੇ 6 ਸਾਲ ਦਾ ਬੇਟਾ ਹੈ।

ਉਹ ਇਕ ਹਫਤਾ ਪਹਿਲਾਂ ਹੀ ਆਪਣੇ ਪੇਕੇ ਕਰਨੀ ਖੇੜਾ ਨਵਾਂਸ਼ਹਿਰ ਗਈ ਸੀ। ਉਸਦਾ ਪਤੀ ਕੁਆਰਟਰ ਵਿਚ ਹੀ ਰਹਿ ਰਿਹਾ ਸੀ। ਸ਼ੁੱਕਰ ਨੂੰ ਡਿਊਟੀ ਪਿੱਛੋਂ ਉਹ ਕੁਆਰਟਰ ਵਿਚ ਆਇਆ ਤੇ ਸੌਂ ਗਿਆ। ਇਸ ਦੌਰਾਨ ਉਨ੍ਹਾਂ ਦੇ ਘਰ ਦੇ ਵਰਾਂਡੇ ਵਿਚ ਫਰਿੱਜ ਪਿਆ ਸੀ। ਗੁਆਂਢੀਆਂ ਨੇ ਸੂਚਨਾ ਦਿੱਤੀ ਕਿ ਫਰਿੱਜ ਵਿਚ ਬਲਾਸਟ ਹੋ ਗਿਆ ਹੈ। ਕਾਰਨ ਸ਼ਾਰਟ ਸਰਕਟ ਦੱਸਿਆ ਗਿਆ, ਜਿਸ ਕਾਰਨ ਉਸਦੇ ਪਤੀ ਦੀ ਮੌਤ ਹੋ ਗਈ।